ਕਰਮਜੀਤ ਸਿੰਘ ਚਿੱਲਾ
ਬਨੂੜ, 27 ਜੂਨ
ਘੱਗਰ ਦਰਿਆ ਵਿੱਚੋਂ ਇੰਜਣਾਂ ਰਾਹੀਂ ਪਾਣੀ ਚੁੱਕਣ ਵਾਲੇ ਕਿਸਾਨਾਂ ਨੇ ਅੱਜ ਬਾਦ ਦੁਪਹਿਰ ਛੱਤਬੀੜ ਵਿਚ ਬਨੂੜ ਨਹਿਰ ਵਿੱਚ ਪਾਣੀ ਦੇਣ ਲਈ ਲਗਾਏ ਬੰਨ੍ਹ ਉੱਤੇ ਜਾਕੇ ਘੱਗਰ ਵਿੱਚ ਪਾਣੀ ਛੁਡਵਾ ਦਿੱਤਾ। ਇਸ ਨਾਲ ਬਨੂੜ ਨਹਿਰ ਵਿੱਚ ਆ ਰਿਹਾ 80 ਕਿਊਸਿਕ ਦੇ ਕਰੀਬ ਪਾਣੀ ਘਟਕੇ 15 ਕਿਊਸਿਕ ਰਹਿ ਗਿਆ। ਬੰਨ੍ਹ ਉੱਤੇ ਪਹੁੰਚੇ ਕਿਸਾਨਾਂ ਨੇ ਸਿੰਜਾਈ ਵਿਭਾਗ ਉੱਤੇ ਇੰਜਣਾਂ ਵਾਲੇ ਕਿਸਾਨਾਂ ਨਾਲ ਵਿਭਾਗੀ ਅਧਿਕਾਰੀਆਂ ਵੱਲੋਂ 3 ਮਾਰਚ 2016 ਨੂੰ ਕੀਤਾ ਲਿਖਤੀ ਸਮਝੌਤਾ ਲਾਗੂ ਨਾ ਕਰਨ ਦਾ ਦੋਸ਼ ਲਾਇਆ।
ਇਹ ਕਿਸਾਨ ਨੰਬਰਦਾਰ ਜਸਪਾਲ ਸਿੰਘ ਬਾਸਮਾਂ, ਪਾਲ ਸਿੰਘ ਬਾਸਮਾਂ, ਬਲਬੀਰ ਸਿੰਘ ਗਦਾਪੁਰ, ਭੂਪਿੰਦਰ ਸਿੰਘ ਗਦਾਪੁਰ, ਗੁਰਦੀਪ ਸਿੰਘ ਬੱਲੋਪੁਰ, ਹਰਜੀਤ ਸਿੰਘ ਸਾਦਾਪੁਰ, ਅਵਤਾਰ ਸਿੰਘ ਮਰਦਾਂਪੁਰ, ਗੁਰਵਿੰਦਰ ਸਿੰਘ ਰਾਏਪੁਰ, ਅਵਤਾਰ ਸਿੰਘ ਨਨਹੇੜੀ, ਮਲਕੀਤ ਸਿੰਘ ਸੰਜਰਪੁਰ ਆਦਿ ਦੀ ਅਗਵਾਈ ਹੇਠ 4 ਕੁ ਵਜੇ ਦੇ ਕਰੀਬ ਨਹਿਰ ’ਤੇ ਪਹੁੰਚੇ। ਉਨ੍ਹਾਂ ਆਉਂਦਿਆਂ ਹੀ ਘੱਗਰ ਵਾਲੇ ਪਾਸੇ ਰੋਕੇ ਹੋਏ ਪਾਣੀ ਦੇ ਫੱਟੇ ਚੁੱਕ ਦਿੱਤੇ ਜਿਸ ਨਾਲ ਨਹਿਰ ਵਿੱਚ ਜਾ ਰਿਹਾ ਪਾਣੀ ਬਿਲਕੁੱਲ ਘੱਟ ਗਿਆ।
ਕਿਸਾਨਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਕੀਤਾ ਲਿਖਤੀ ਸਮਝੌਤਾ ਵਿਖਾਇਆ। ਉਨ੍ਹਾਂ ਕਿਹਾ ਕਿ ਸਮਝੌਤੇ ਅਨੁਸਾਰ ਬਨੂੜ ਨਹਿਰ ਵਿੱਚ ਹਰ ਮਹੀਨੇ ਦੀ ਪਹਿਲੀ ਤੋਂ ਦਸ ਤਰੀਕ ਤੱਕ ਹੀ ਸੌ ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ। ਇਨ੍ਹਾਂ ਦਿਨਾਂ ਵੀ ਘੱਗਰ ਵਿੱਚ ਪਾਣੀ ਛੱਡੇ ਜਾਣ ਦੀ ਸ਼ਰਤ ਹੈ। ਮਹੀਨੇ ਦੇ ਬਾਕੀ ਸਾਰੇ ਦਿਨਾਂ ਵਿੱਚ ਸਿਰਫ਼ ਘੱਗਰ ਵਿੱਚ ਹੀ ਪਾਣੀ ਜਾਣਾ ਹੈ ਤੇ ਨਹਿਰ ਵਿੱਚ ਪਾਣੀ ਬੰਦ ਰਹਿਣਾ ਹੈ। ਉਨ੍ਹਾਂ ਦੱਸਿਆ ਕਿ ਸਿੰਜਾਈ ਵਿਭਾਗ ਆਪਣੇ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ ਤੇ ਪਿਛਲੇ ਕੁੱਝ ਦਿਨਾਂ ਤੋਂ ਘੱਗਰ ਦਾ ਪਾਣੀ ਬੰਦ ਹੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਿੰਜਾਈ ਵਿਭਾਗ ਨੇ ਪਾਣੀ ਦੁਬਾਰਾ ਬੰਦ ਕੀਤਾ ਤਾਂ ਉਹ ਬੰਨ੍ਹ ਉੱਤੇ ਪੱਕਾ ਨਾਕਾ ਲਗਾ ਕੇ ਬੈਠਣਗੇ। ਉਨ੍ਹਾਂ ਸੋਮਵਾਰ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲਕੇ ਸਮਝੌਤੇ ਅਨੁਸਾਰ ਘੱਗਰ ਵਿੱਚ ਪਾਣੀ ਛੱਡਣ ਦੀ ਮੰਗ ਕਰਨ ਦੀ ਗੱਲ ਵੀ ਆਖੀ।
ਇਸੇ ਦੌਰਾਨ ਅੱਜ ਸਵੇਰੇ ਸੂਰਜਗੜ੍ਹ ਅਤੇ ਮਦਨਪੁਰ ਦੇ ਵਿਚਾਲੇ ਪੈਂਦੇ ਨਹਿਰੀ ਪੁਲ ਦੇ ਨੇੜੇ ਬਨੂੜ ਨਹਿਰ ਵਿੱਚ ਪਾੜ ਪੈ ਗਿਆ। ਇਸ ਨਾਲ ਸੂਰਜਗੜ੍ਹ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਪਿੰਡ ਘੜਾਮਾਂ ਦੇ ਵਸਨੀਕ ਖਬਰ ਲਿਖੇ ਜਾਣ ਤੱਕ ਨਹਿਰੀ ਪਾੜ ਨੂੰ ਪੂਰਨ ਵਿੱਚ ਲੱਗੇ ਹੋਏ ਸਨ।
ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ: ਐਕਸੀਅਨ
ਸਿੰਜਾਈ ਵਿਭਾਗ ਦੇ ਐਕਸੀਅਨ ਚੰਦਰ ਮੋਹਨ ਸ਼ਰਮਾ ਨੇ ਆਖਿਆ ਕਿ 130 ਕਰੋੜ ਦੀ ਲਾਗਤ ਨਾਲ 50 ਪਿੰਡਾਂ ਦੇ ਚਾਲੀ ਹਜ਼ਾਰ ਏਕੜ ਰਕਬੇ ਨੂੰ ਪਾਣੀ ਦੇਣ ਲਈ ਬਣਾਈ ਗਈ ਬਨੂੜ ਨਹਿਰ ਵਿੱਚ ਪਾਣੀ ਬੰਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਜਣਾਂ ਵਾਲੇ ਕਿਸਾਨਾਂ ਦੀ ਪਾਣੀ ਬੰਦ ਕਰਾਉਣ ਦੀ ਮੰਗ ਦਰੁਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।