ਮਿਹਰ ਸਿੰਘ
ਕੁਰਾਲੀ, 15 ਅਕਤੂਬਰ
ਸ਼ਹਿਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਵੱਧ ਤੁਲਾਈ ਦਾ ਮਾਮਲਾ ਸਾਹਮਣੇ ਆਉਣ ’ਤੇ ਕਿਸਾਨ ਰੋਹ ਵਿੱਚ ਆ ਗਏ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵੱਧ ਤੁਲਾਈ ਦਾ ਮਾਮਲਾ ਉਜਾਗਰ ਕੀਤਾ ਗਿਆ ਜਿਸ ਉਪਰੰਤ ਮਾਰਕੀਟ ਕਮੇਟੀ ਵੱਲੋਂ ਕਾਰਵਾਈ ਅਰੰਭ ਦਿੱਤੀ ਗਈ।
ਸਥਾਨਕ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਸਬੰਧੀ ਮੌਕਾ ਦੇਖਣ ਪੁੱਜੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ, ਦਿਲਬਾਗ ਸਿੰਘ, ਗੁਰਪਾਲ ਸਿੰਘ, ਹਰਬੰਸ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਨਾਜ ਮੰਡੀ ਵਿੱਚ ਪੁੱਜ ਕੇ ਝੋਨੇ ਦੀ ਫਸਲ ਦੀ ਖਰੀਦ ਅਤੇ ਤੁਲਾਈ ਸਬੰਧੀ ਮੌਕਾ ਦੇਖਿਆ ਤਾਂ ਇੱਕ ਆੜ੍ਹਤੀ ਦੀ ਫੜ੍ਹ ਉੱਤੇ ਭਰੇ ਕੱਟਿਆਂ ਵਿੱਚ 500 ਤੋਂ 700 ਗ੍ਰਾਮ ਤੱਕ ਦੀ ਵੱਧ ਭਰਾਈ ਕੀਤੀ ਹੋਈ ਸੀ। ਕਿਸਾਨ ਆਗੂਆਂ ਨੇ ਇਸ ਮਾਮਲੇ ਸਬੰਧੀ ਤੁਰੰਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੰਡੀ ਸੁਪਰਾਈਵਜ਼ਰ ਕੁਲਵੀਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜ ਗਏ। ਜਦੋਂ ਅਧਿਕਾਰੀਆਂ ਨੇ ਝੋਨੇ ਦੀ ਕੱਟਿਆਂ ਦਾ ਮੁੜ ਵਜ਼ਨ ਕੀਤਾ ਤਾਂ ਅੱਜ ਭਰੇ ਕਰੀਬ 90 ਕੱਟਿਆਂ ਵਿੱਚ 500 ਗ੍ਰਾਮ ਤੋਂ ਲੈ ਕੇ 700 ਗ੍ਰਾਮ ਤੱਕ ਵੱਧ ਭਰਾਈ ਕੀਤੀ ਹੋਈ ਮਿਲੀ ਜਦਕਿ ਪਹਿਲਾਂ ਕੀਤੇ ਸੈਂਕੜੇ ਕੱਟਿਆਂ ਦੀ ਭਰਾਈ ਵਿੱਚ ਵੀ 300 ਗ੍ਰਾਮ ਤੱਕ ਵੱਧ ਭਰਾਈ ਕੀਤੀ ਹੋਈ ਸੀ। ਕਿਸਾਨਾਂ ਨੇ ਆੜ੍ਹਤੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਾਰਵਾਈ ਦੀ ਮੰਗ ਕੀਤੀ। ਇਸੇ ਦੌਰਾਨ ਮਾਮਲਾ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਹੋਰਨਾਂ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ।
ਦੇਰ ਸ਼ਾਮ ਤੱਕ ਆੜ੍ਹਤੀ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਰੋਹ ਵਿੱਚ ਆਏ ਕਿਸਾਨ ਆੜ੍ਹਤੀ ਦਾ ਲਾਇਸੈਂਸ ਰੱਦ ਕਰਨ ਦੀ ਮੰਗ ’ਤੇ ਅੜ ਗਏ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਇਕੱਠੇ ਹੋ ਗਏ। ਇਸੇ ਦੌਰਾਨ ਕਿਸਾਨ ਆਗੂ ਰੇਸ਼ਮ ਸਿੰਘ ਬਡਾਲੀ ਨੇ ਪ੍ਰਸ਼ਾਸ਼ਨ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।
ਆੜ੍ਹਤੀ ਨੂੰ ਨੋਟਿਸ ਜਾਰੀ ਕਰਕੇ ਜੁਰਮਾਨਾ ਕੀਤਾ
ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਕੁਲਵੀਰ ਸਿੰਘ ਨੇ ਆੜ੍ਹਤੀ ਵਲੋਂ ਵੱਧ ਤੁਲਾਈ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਮੰਡੀਕਰਨ ਬੋਰਡ ਦੀਆਂ ਹਦਾਇਤਾਂ ਅਨੁਸਾਰ ਆੜ੍ਹਤੀ ਨੂੰ ਨੋਟਿਸ ਜਾਰੀ ਕਰਕੇ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਹੈ ਅਤੇ ਉਪਰੋਂ ਹੁਕਮ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।