ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 25 ਅਗਸਤ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਨਵੇਂ ਪ੍ਰਾਜੈਕਟ ਐਟਰੋਪੋਲਿਸ ਲਈ ਲੈਂਡ ਪੁਲਿੰਗ ਸਕੀਮ ਤਹਿਤ ਗ੍ਰਹਿਣ ਕੀਤੀ ਜ਼ਮੀਨ ਬਦਲੇ ਕਿਸਾਨਾਂ ਨੂੰ ਦਿੱਤੇ ਗਏ ਪਲਾਟਾਂ ਦੇ ਮਾਲਕੀ ਪੱਤਰ (ਐੱਲਓਆਈ) ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਜ਼ਮੀਨ ਮਾਲਕ ਕਿਸਾਨਾਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ ਗਮਾਡਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਸੂਬਾ ਸਰਕਾਰ ਤੇ ਗਮਾਡਾ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਪਲਾਟਾਂ ਦੇ ਐੱਲਓਆਈ ਤੁਰੰਤ ਜਾਰੀ ਕੀਤੇ ਜਾਣ। ਇਸ ਸਬੰਧੀ ਕਿਸਾਨਾਂ ਨੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਨੂੰ ਇਕ ਮੰਗ ਪੱਤਰ ਵੀ ਸੌਂਪਿਆ।
ਕਿਸਾਨ ਆਗੂ ਪਰਮਿੰਦਰ ਸਿੰਘ ਬੈਦਵਾਨ, ਨਛੱਤਰ ਸਿੰਘ ਬੈਦਵਾਨ ਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਲੈਂਡ ਪੁਲਿੰਗ ਸਕੀਮ ਤਹਿਤ 1700 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਸੀ, ਜਿਸ ਦਾ ਕਿਸਾਨਾਂ ਨੂੰ ਐੱਲਓਆਈ ਅੱਜ ਤੱਕ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਬਾਕਰਪੁਰ, ਸਿਆਊ, ਮਟਰਾਂ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਅਤੇ ਬਲਾਕ ਏਬੀਸੀਡੀ ਵਿੱਚ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਕਿਸਾਨਾਂ ਨੂੰ ਐਲਓਆਈ ਜਾਰੀ ਕਰੇ ਤਾਂ ਜੋ ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ ਨੂੰ ਐੱਲਓਆਈ ਤੁਰੰਤ ਜਾਰੀ ਨਾ ਕੀਤੇ ਤਾਂ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੁਹਾਲੀ ਪ੍ਰਾਪਰਟੀ ਕੰਸਲਟੈੱਟ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ, ਕਿਸਾਨ ਆਗੂ ਗੁਰਵਿੰਦਰ ਸਿੰਘ ਬਾਕਰਪੁਰ, ਗੁਰਮੀਤ ਸਿੰਘ, ਸਤਵਿੰਦਰ ਸਿੰਘ, ਸੱਜਣ ਸਿੰਘ, ਹਰਨੇਕ ਸਿੰਘ ਬਾਕਰਪੁਰ, ਮੱਖਣ, ਗੁਰਪ੍ਰਤਾਪ ਸਿੰਘ ਆਦਿ ਵੀ ਮੌਜੂਦ ਸਨ।
ਸਤੰਬਰ ਦੇ ਪਹਿਲੇ ਹਫ਼ਤੇ ਕਿਸਾਨਾਂ ਨੂੰ ਮਿਲਣਗੇ ਐਲਓਆਈ
ਉੱਧਰ, ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਗਮਾਡਾ ਵੱਲੋਂ ਸਤੰਬਰ ਦੇ ਪਹਿਲੇ ਹਫ਼ਤੇ ਉਨ੍ਹਾਂ ਜ਼ਮੀਨ ਮਾਲਕਾਂ ਨੂੰ ਐੱਲਓਆਈ ਜਾਰੀ ਕਰਨੇ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਦੀ ਜ਼ਮੀਨ ਐਰੋਟਰੋਪੋਲਿਸ ਪ੍ਰਾਜੈਕਟ ਲਈ ਗ੍ਰਹਿਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਲਓਆਈ ਡਿਜੀਟਲੀ ਐੱਸਐੱਮਐੱਸ ਦੇ ਰੂਪ ਵਿੱਚ ਭੇਜਿਆ ਜਾਵੇਗਾ, ਜਿਸ ’ਚ ਇਕ ਲਿੰਕ ਹੋਵੇਗਾ ਜਿੱਥੋਂ ਐਲਓਆਈ ਨੂੰ ਡਾਊਨਲੋਡ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕਾਂ ਵੱਲੋਂ ਲੈਂਡ ਪੁਲਿੰਗ ਸਕੀਮ ਲਈ ਦਿੱਤੀਆਂ ਅਰਜ਼ੀਆਂ ਦੀ ਜਾਂਚ ਚੱਲ ਰਹੀ ਹੈ ਅਤੇ ਤਕਰੀਬਨ 650-700 ਏਕੜ ਜ਼ਮੀਨ ਦੀ ਹੱਕਦਾਰੀ ਤਿਆਰ ਕੀਤੀ ਜਾ ਚੁੱਕੀ ਹੈ ਤੇ ਹਰ ਹਾਲ ਵਿੱਚ ਜ਼ਮੀਨ ਮਾਲਕਾਂ ਨੂੰ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਐੱਲਓਆਈ ਮਿਲਣੇ ਸ਼ੁਰੂ ਹੋ ਜਾਣਗੇ।