ਕੁਲਦੀਪ ਸਿੰਘ
ਚੰਡੀਗੜ੍ਹ, 22 ਅਗਸਤ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣ ਪ੍ਰਕਿਰਿਆ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਸਮੇਤ ਮੁਕੰਮਲ ਕਰਵਾਉਣ ਤੇ ’ਵਰਸਿਟੀ ਨੂੰ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਸਬੰਧੀ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਹੇ ਦਿਨ-ਰਾਤ ਦੇ ਲਗਾਤਾਰ ਧਰਨੇ ਨੂੰ ਅੱਜ ਕਈ ਕਿਸਾਨ ਆਗੂਆਂ ਨੇ ਸਮਰਥਨ ਦਿੱਤਾ। ਧਰਨੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਤੋਂ ਮਨਜੀਤ ਸਿੰਘ ਰਾਏ, ਦੋਆਬਾ ਕਿਸਾਨ ਯੂਨੀਅਨ ਤੋਂ ਕੁਲਦੀਪ ਸਿੰਘ ਵਜੀਦਪੁਰ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਤੋਂ ਵਰਿੰਦਰ ਸੇਖੋਂ, ਐਡਵੋਕੇਟ ਹਾਕਮ ਸਿੰਘ, ਅਦਾਕਾਰ ਅਮਿਤੋਜ਼ ਮਾਨ, ਡੀਪੀਐੱਸ ਰੰਧਾਵਾ ਅਤੇ ਪੰਜਾਬੀ ਗੀਤਕਾਰ ਮੱਟ ਸ਼ੇਰੋਂ ਵਾਲਾ ਪਹੁੰਚੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਉੱਤੇ ਕੇਂਦਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਨੂੰ ਬਚਾਉਣ ਲਈ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਸਹਿਯੋਗ ਦੇਣਗੀਆਂ। ਕਿਸਾਨ ਆਗੂਆਂ ਨੇ ਧਰਨੇ ’ਤੇ ਬੈਠੇ ਰਵਿੰਦਰ ਧਾਲੀਵਾਲ ਅਤੇ ਵਿਦਿਆਰਥੀ ਜਥੇਬੰਦੀਆਂ ਵਿੱਚ ਪੀ.ਐਸ.ਯੂ. (ਲਲਕਾਰ), ਪੁਸੂ, ਸੋਪੂ, ਐੱਸਓਆਈ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਯੂਥ ਫਾਰ ਸਵਰਾਜ ਆਦਿ ਦੇ ਆਗੂਆਂ ਨੂੰ ਵੀ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਵਾਈਸ ਚਾਂਸਲਰ ਨੂੰ ਮੀਡੀਆ ਰਾਹੀਂ ਚਿਤਾਵਨੀ ਦਿੱਤੀ ਕਿ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਅਤੇ ਪੀਯੂ ਨੂੰ ਵਿਦਿਆਰਥੀਆਂ ਲਈ ਖੋਲ੍ਹਿਆ ਜਾਵੇ। ਅਜਿਹਾ ਨਾ ਕਰਨ ’ਤੇ ਇੱਥੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।