ਪੱਤਰ ਪ੍ਰੇਰਕ
ਚੰਡੀਗੜ੍ਹ, 31 ਮਈ
ਕਰਨਾਟਕ ਵਿੱਚ ਕਰਨਾਟਕ ਰਾਜ ਰਾਇਤ ਸੰਘ ਦੇ ਕਿਸਾਨ ਸੰਮੇਲਨ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ’ਤੇ ਹਮਲਾ ਕਰਨ ਦੇ ਵਿਰੋਧ ਵਿੱਚ ਅੱਜ ਕਿਸਾਨ ਯੂਨੀਅਨ ਚੰਡੀਗੜ੍ਹ ਵੱਲੋਂ ਡਿਪਟੀ ਕਮਿਸ਼ਨਰ ਚੰਡੀਗੜ੍ਹ ਨੂੰ ਮੰਗ ਪੱਤਰ ਸੌਂਪਿਆ ਗਿਆ। ਇਕੱਤਰ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ।
ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਣ ਉਪਰੰਤ ਭਾਰਤੀ ਕਿਸਾਨ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਕੁਲਦੀਪ ਕੁੰਡੂ, ਉਪ-ਪ੍ਰਧਾਨ ਜਗਦੀਸ਼, ਜਨਰਲ ਸਕੱਤਰ ਰਵਿੰਦਰ ਵਿਰਦੀ, ਯੂਥ ਪ੍ਰਧਾਨ ਸਰਵੇਸ਼ ਯਾਦਵ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਸਵਰਨਜੀਤ ਸਿੰਘ ਆਦਿ ਨੇ ਕਿਹਾ ਕਿ ਰਾਕੇਸ਼ ਟਿਕੈਤ ’ਤੇ ਭਾਜਪਾ ਦੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨਾਲ ਹੱਥੋਪਾਈ ਵੀ ਕੀਤੀ। ਬੌਖਲਾਹਟ ਵਿੱਚ ਆਏ ਸ਼ਰਾਰਤੀ ਅਨਸਰਾਂ ਨੇ ਕਿਸਾਨ ਆਗੂ ’ਤੇ ਕਾਲ਼ੀ ਸਿਆਹੀ ਸੁੱਟ ਦਿੱਤੀ।
ਉਨ੍ਹਾਂ ਕਿਹਾ ਕਿ ਜੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।