ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੂਨ
‘ਉੱਡਣਾ ਸਿੱਖ’ ਵਜੋਂ ਮਕਬੂਲ ਮਹਾਨ ਅਥਲੀਟ ਮਿਲਖਾ ਸਿੰੰਘ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮਿਲਖਾ ਸਿੰਘ ਦਾ ਇੱਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਹ ਮਹਾਨ ਫਰਾਟਾ ਦੌੜਾਕ ਪਿਛਲੇ ਕੁਝ ਦਿਨਾਂ ਤੋਂ ਕਰੋਨਾਵਾਇਰਸ ਤੇ ਇਸ ਤੋਂ ਬਾਅਦ ਪੈਦਾ ਹੋਏ ਹੋਰਨਾਂ ਸਰੀਰਕ ਵਿਗਾੜਾਂ ਨਾਲ ਲੜ ਰਿਹਾ ਸੀ। ਮਿਲਖਾ ਸਿੰਘ ਨੇ ਸ਼ੁੱਕਰਵਾਰ ਰਾਤ 11:30 ਵਜੇ ਦੇ ਕਰੀਬ ਪੀਜੀਆਈ ਵਿੱਚ ਆਖਰੀ ਸਾਹ ਲਏ। ਮਿਲਖਾ ਸਿੰਘ ਦੀ ਦੇਹ ਨੂੰ ਅੱਜ ਪਹਿਲਾਂ ਪੀਜੀਆਈ ਤੋਂ ਉਨ੍ਹਾਂ ਦੇ ਘਰ ਲਿਆਂਦਾ ਗਿਆ। ਉਸ ਮਗਰੋਂ ਫੁੱਲਾਂ ਨਾਲ ਸਜਾਏ ਵਾਹਨ ਵਿਚ ਮ੍ਰਿਤਕ ਦੇਹ ਨੂੰ ਇੱਥੋਂ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਪਹੁੰਚਾਇਆ ਗਿਆ। ਸਸਕਾਰ ਮੌਕੇ ਸਿਆਸੀ ਅਤੇ ਖੇਡ ਜਗਤ ਦੀਆਂ ਹਸਤੀਆਂ ਹਾਜ਼ਰ ਸਨ।
ਪੰਜਾਬ ਪੁਲੀਸ ਦੀ 13ਵੀਂ ਬਟਾਲੀਅਨ ਦੇ ਕਮਾਂਡੈਂਟ ਜਤਿੰਦਰ ਸਿੰਘ ਖਹਿਰਾ ਤੇ ਡੀਐੱਸਪੀ ਸ਼ਾਮ ਸੁੰਦਰ, ਸੀਆਰਪੀਐੱਫ ਤੇ ਚੰਡੀਗੜ੍ਹ ਪੁਲੀਸ ਦੀ ਟੁਕੜੀ ਨੇ ਇੰਸਪੈਕਟਰ ਦਿਆ ਰਾਮ ਦੀ ਅਗਵਾਈ ਹੇਠ ਦੋ ਰਾਊਂਡ ਫਾਇਰ ਕਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਤੇ ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜੀਜੂ ਸਸਕਾਰ ਮੌਕੇ ਹਾਜ਼ਰ ਸਨ ਅਤੇ ਉਨ੍ਹਾਂ ਫੁੱਲ ਮਾਲਾਵਾਂ ਰੱਖ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਪਾਲ ਬਦਨੌਰ ਨੇ ਮਹਾਨ ਅਥਲੀਟ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ। ਰਾਜਪਾਲ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਭਾਰਤ ਲਈ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਕਈ ਸੋਨ ਤਗਮੇ ਜਿੱਤਣ ਵਾਲੇ ‘ਉਡਣਾ ਸਿੱਖ’ ਮਿਲਖਾ ਸਿੰਘ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪਦਮ ਸ੍ਰੀ ਮਿਲਖਾ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਅਮਿੱਟ ਪੈੜਾਂ ਛੱਡੀਆਂ ਹਨ। ਉਹ ਹਮੇਸ਼ਾ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਦੀ ਮੌਤ ਕਾਰਨ ਪੈਦਾ ਹੋਏ ਖ਼ਲਾਅ ਨੂੰ ਭਰਿਆ ਨਹੀਂ ਜਾ ਸਕਦਾ। ਬਦਨੌਰ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਪ੍ਰਸੰਸਕਾਂ ਨਾਲ ਦਿਲੀ ਹਮਦਰਦੀ ਸਾਂਝੀ ਕੀਤੀ। ਸਸਕਾਰ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ. ਅਤੇ ਕਾਕਾ ਰਣਦੀਪ ਸਿੰਘ ਨਾਭਾ (ਦੋਵੇਂ ਵਿਧਾਇਕਾਂ) ਨੇ ਹਾਜ਼ਰ ਹੋ ਕੇ ਵਿਛੜੇ ਨਾਇਕ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਰਸਮਾਂ ਮੌਕੇ ਪੰਜਾਬ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ, ਡੀ.ਸੀ. ਚੰਡੀਗੜ੍ਹ ਮਨਦੀਪ ਸਿੰਘ ਬਰਾੜ ਤੇ ਐਸ.ਐਸ.ਪੀ. ਚੰਡੀਗੜ੍ਹ ਕੁਲਦੀਪ ਸਿੰਘ ਚਾਹਲ ਵੀ ਹਾਜ਼ਰ ਸਨ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਓ.ਪੀ. ਸੋਨੀ, ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ.ਜਗਤ ਰਾਮ ਅਤੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਵੀ ਡੂੰਘਾ ਅਫਸੋਸ ਜ਼ਾਹਰ ਕੀਤਾ ਹੈ।
ਕੋਵਿੰਦ, ਮੋਦੀ ਤੇ ਹੋਰਨਾਂ ਸਿਆਸੀ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ
ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ, ਨੈਸ਼ਨਲ ਕਾਨਫਰੰਸ ਦੇ ਫ਼ਾਰੂਕ ਅਬਦੁੱਲਾ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਵੱਖ ਵੱਖ ਸਿਆਸੀ ਹਸਤੀਆਂ ਨੇ ‘ਉੱਡਣਾ ਸਿੱਖ’ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਮਿਲਖਾ ਸਿੰਘ ਦੇ ਜਹਾਨੋਂ ਤੁਰ ਜਾਣ ਕਾਰਨ ਉਨ੍ਹਾਂ ਦਾ ਦਿਲ ਗ਼ਮਗੀਨ ਹੈ। ਉਨ੍ਹਾਂ ਇਕ ਟਵੀਟ ਵਿੱਚ ਕਿਹਾ ਕਿ ਫਰਾਟਾ ਦੌੜਾਕ ਵੱਲੋਂ ਕੀਤੇ ਸੰਘਰਸ਼ ਦੀ ਕਹਾਣੀ ਤੇ ਉਨ੍ਹਾਂ ਦਾ ਮਜ਼ਬੂਤ ਕਿਰਦਾਰ ਭਾਰਤੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਦੇਸ਼ ਨੇ ਵੱਡੀ ਖੇਡ ਸ਼ਖ਼ਸੀਅਤ ਨੂੰ ਗੁਆ ਲਿਆ ਹੈ, ਜਿਸ ਨੇ ਦੇਸ਼ ਦੀਆਂ ਆਸਾਂ ਨੂੰ ਪੂਰਾ ਕੀਤਾ। ਉਨ੍ਹਾਂ ਲਈ ਅਣਗਿਣਤ ਭਾਰਤੀਆਂ ਦੇ ਦਿਲਾਂ ’ਚ ਵਿਸ਼ੇਸ਼ ਥਾਂ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਫਰਾਟਾ ਦੌੜਾਕ ਸਾਰੀਆਂ ਦੁਸ਼ਵਾਰੀਆਂ ’ਤੇ ਪਾਰ ਪਾਉਣ ਦੇ ਆਪਣੇ ਪੱਕੇ ਇਰਾਦੇ ਲਈ ਹੋਰਨਾਂ ਲਈ ਪ੍ਰੇਰਨਾ ਸਰੋਤ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਉੱਡਣਾ ਸਿੱਖ’ ਨੇ ਅਥਲੈਟਿਕਸ ਜਗਤ ’ਤੇ ਅਮਿੱਟ ਛਾਪ ਛੱਡੀ ਹੈ ਤੇ ਦੇਸ਼ ਉਨ੍ਹਾਂ ਨੂੰ ਭਾਰਤੀ ਖੇਡ ਜਗਤ ਦੇ ਚਮਕਦੇ ਸਿਤਾਰੇ ਵਜੋਂ ਯਾਦ ਕਰੇਗਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮਿਲਖਾ ਸਿੰਘ ਨਾ ਸਿਰਫ਼ ਖੇਡ ਸਿਤਾਰਾ ਬਲਕਿ ਆਪਣੀ ਸਮਰਪਣ ਭਾਵਨਾ ਤੇ ਮੁੜ ਉਭਰਨ ਦੀ ਸ਼ਕਤੀ ਕਰਕੇ ਲੱਖਾਂ ਭਾਰਤੀਆਂ ਲਈ ਪ੍ਰੇਰਨਾ ਸਰੋਤ ਸੀ। ਉਨ੍ਹਾਂ ਕਿਹਾ, ‘ਮੈਂ ਇਸ ਘੜੀ ਵਿੱਚ ਪਰਿਵਾਰ ਤੇ ਦੋਸਤਾਂ ਮਿੱਤਰਾਂ ਦੇ ਦੁੱਖ ਵਿੱਚ ਸ਼ਰੀਕ ਹਾਂ।’’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮਹਾਨ ਅਥਲੀਟ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਸ਼ਵ ਵਿੱਚ ਭਾਰਤ ਦਾ ਨਾਂ ਉੱਚਾ ਕਰਨ ਵਾਲੇ ‘ਉੱਡਣਾ ਸਿੱਖ’ ਮਿਲਖਾ ਸਿੰਘ ਦੇ ਚਲਾਣੇ ਨਾਲ ਇਕ ਸ਼ਾਨਦਾਰ ਅਧਿਆਇ ਸਮਾਪਤ ਹੋ ਗਿਆ ਹੈ, ਪਰ ਉਹ ਹਮੇਸ਼ਾਂ ਸਾਡੇ ਦਿਲਾਂ ’ਚ ਅਮਰ ਰਹਿਣਗੇ। -ਪੀਟੀਆਈ
ਉੱਡਣਾ ਸਿੱਖ ਦੇ ਆਖਰੀ ਸ਼ਬਦ…. ਤਿੰਨ-ਚਾਰ ਦਿਨਾਂ ’ਚ ਠੀਕ ਹੋ ਜਾਵਾਂਗਾ
ਨਵੀਂ ਦਿੱਲੀ: ਫ਼ਰਾਟਾ ਦੌੜਾਕ ਮਿਲਖਾ ਸਿੰਘ ਨੇ ਕੋਵਿਡ-19 ਦੀ ਲਾਗ ਲਈ ਪਾਜ਼ੇਟਿਵ ਨਿਕਲਣ ਮਗਰੋਂ ਵੀ ਚੜ੍ਹਦੀਕਲਾ ’ਚ ਰਹਿਣ ਦਾ ਵੱਲ ਕਦੇ ਨਹੀਂ ਛੱਡਿਆ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਜਿੱਤਾਂ-ਹਾਰਾਂ ਵੀ ਵੇਖੀਆਂ ਪਰ ਉਨ੍ਹਾਂ ਆਖਰੀ ਸਾਹਾਂ ਤੱਕ ਆਪਣੇ ਇਸ ਗੁਣ ਨੂੰ ਨਹੀਂ ਛੱਡਿਆ। ਕਰੋਨਾਵਾਇਰਸ ਦੀ ਲਾਗ ਚਿੰਬੜਨ ਸਬੰਧੀ ਸੋਸ਼ਲ ਮੀਡੀਆਂ ’ਤੇ ਜਾਰੀ ਅਫ਼ਵਾਹਾਂ ਦੀ ਪੁਸ਼ਟੀ ਲਈ ਇਸ ਖ਼ਬਰ ਏਜੰਸੀ ਨੇ ਜਦੋਂ ਮਿਲਖਾ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ, ‘‘ਹਾਂ ਬੱਚਾ, ਮੈੈਂ ਲੰਘੇ ਦਿਨ (19 ਮਈ) ਕੋਵਿਡ-19 ਲਈ ਪਾਜ਼ੇਟਿਵ ਨਿਕਲ ਆਇਆ ਹਾਂ। ਪਰ ਮੈਂ ਠੀਕ ਹਾਂ, ਮੈਨੂੰ ਕੋਈ ਦਿੱਕਤ ਨਹੀਂ ਹੈ, ਨਾ ਬੁਖਾਰ ਤੇ ਨਾ ਖੰਘ ਹੈ। ਇਹ ਜਲਦੀ ਹੀ ਚਲਾ ਜਾਵੇਗਾ। ਮੇਰੇ ਡਾਕਟਰਾਂ ਨੇ ਮੈਨੂੰ ਦੱਸਿਆ ਹੈ ਕਿ ਮੈਂ ਤਿੰਨ-ਚਾਰ ਦਿਨਾਂ ’ਚ ਠੀਕ ਹੋ ਜਾਵਾਂਗਾ।’’ ਦੱਸਣਾ ਬਣਦਾ ਹੈ ਕਿ ਮਿਲਖਾ ਸਿੰਘ ਨੂੰ ਇਹਤਿਆਤ ਵਜੋਂ 23 ਮਈ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕੁਝ ਦਿਨਾਂ ਮਗਰੋਂ ਉਨ੍ਹਾਂ ਦੀ ਪਤਨੀ ਤੇ ਕੌਮੀ ਵਾਲੀਬਾਲ ਟੀਮ ਦੀ ਕਪਤਾਨ ਨਿਰਮਲ ਕੌਰ ਨੂੰ ਵੀ ਕਰੋਨਾ ਕਰਕੇ ਉਥੇ ਦਾਖਲ ਕਰਵਾਉਣਾ ਪਿਆ। ਪਰਿਵਾਰ ਦੀ ਗੁਜ਼ਾਰਿਸ਼ ’ਤੇ ਮਿਲਖਾ ਸਿੰਘ ਨੂੰ ਹਸਪਤਾਲ ’ਚੋਂ ਡਿਸਚਾਰਜ ਕਰਵਾਉਣ ਤੱਕ ਦੋਵੇਂ ਜੀਅ ਇਕੋ ਰੂਮ ਵਿੱਚ ਦਾਖ਼ਲ ਰਹੇ ਸਨ।
ਖੇਡ ’ਵਰਸਿਟੀ ’ਚ ਮਿਲਖਾ ਸਿੰਘ ਦੇ ਨਾਂ ’ਤੇ ਕਾਇਮ ਹੋਵੇਗੀ ਚੇਅਰ: ਕੈਪਟਨ
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਖੇਡ ਯੂਨੀਵਰਸਿਟੀ ਪਟਿਆਲਾ ਵਿੱਚ ਮਹਾਨ ਦੌੜਾਕ ਮਿਲਖਾ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਉਡਣਾ ਸਿੱਖ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਇਸ ਉੱਘੀ ਖੇਡ ਸ਼ਖ਼ਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਪੁੱਤਰ ਜੀਵ ਮਿਲਖਾ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮਿਲਖਾ ਸਿੰਘ ਦੇ ਤੁਰ ਜਾਣ ਨਾਲ ਸਮੁੱਚੇ ਮੁਲਕ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਇਹ ਸਾਰਿਆਂ ਲਈ ਬਹੁਤ ਹੀ ਦੁੱਖ ਵਾਲਾ ਸਮਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਮਿਲਖਾ ਸਿੰਘ ਦੀਆਂ ਯਾਦਾਂ ਸਦਾ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਰਹਿਣ। ਮਿਲਖਾ ਸਿੰਘ ਵੱਲੋਂ ਸਾਲ 1960 ਵਿੱਚ ਪਾਕਿਸਤਾਨੀ ਚੈਂਪੀਅਨ ਅਬਦੁਲ ਖਾਲਿਕ ਨੂੰ ਲਾਹੌਰ ਵਿੱਚ ਹਰਾਏ ਜਾਣ ’ਤੇ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਵੱਲੋਂ ਕੌਮੀ ਛੁੱਟੀ ਐਲਾਨੀ ਗਈ ਸੀ। ਇਸ ਗੱਲ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਵੀ ਅੱਜ ਕੌਮੀ ਛੁੱਟੀ ਦਾ ਐਲਾਨ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਹਾਨ ਸ਼ਖ਼ਸੀਅਤ ਦੇ ਵਿਛੋੜੇ ਦੇ ਸੋਗ ’ਚ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਸੂਬੇ ਵਿੱਚ ਛੁੱਟੀ ਰਹੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 1960 ਵਿੱਚ ਲਾਹੌਰ ’ਚ ਜਿੱਤ ਹਾਸਲ ਕਰਨਾ ਮਿਲਖਾ ਸਿੰਘ ਲਈ ਯਾਦਗਾਰੀ ਮੌਕਾ ਸੀ। ਉਨ੍ਹਾਂ ਨੇ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਵਿੱਚ ਆਪਣੇ ਪਰਿਵਾਰ ਨੂੰ ਗੁਆਇਆ ਸੀ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਮਿਲਖਾ ਸਿੰਘ ਨੂੰ ‘ਫਲਾਈਂਗ ਸਿੱਖ’ ਦਾ ਨਾਮ ਦਿੱਤਾ ਸੀ।
ਉੱਡਣੇ ਸਿੱਖ ਮਿਲਖਾ ਸਿੰਘ ਨੂੰ ਸ਼ਰਧਾਂਜਲੀਆਂ