ਪੀ.ਪੀ. ਵਰਮਾ
ਪੰਚਕੂਲਾ, 20 ਮਈ
ਇਥੋਂ ਦੇ ਹਸਪਤਾਲ ਵਿੱਚ ਅੱਜ 22 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹੇਸ਼ ਵਜੋਂ ਹੋਈ ਹੈ। ਇਸ ਮਗਰੋਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਮੈਡੀਕਲ ਸਟਾਫ ਦੀ ਕਥਿਤ ਲਾਪ੍ਰਵਾਹੀ ਖ਼ਿਲਾਫ਼ ਹਸਪਤਾਲ ਵਿੱਚ ਰੋਸ ਪ੍ਰਦਰਸ਼ਨ ਕੀਤਾ। ਹਸਪਤਾਲ ਪ੍ਰਬੰਧਕਾਂ ਨੇ ਪੁਲੀਸ ਬੁਲਾ ਲਈ ਅਤੇ ਪੁਲੀਸ ਨੇ ਪ੍ਰਦਰਸ਼ਨਕਾਹਰੀਆਂ ਨੂੰ ਕਾਬੂ ਹੇਠ ਕਰਨ ਲਈ ਹਲਕਾ ਲਾਠੀਚਾਰਜ ਕੀਤਾ।
ਪੰਚਕੂਲਾ ਪੁਲੀਸ ਦੇ ਏਸੀਪੀ ਰਾਜ ਕੁਮਾਰ ਅਤੇ ਸੁਰਿੰਦਰ ਨੇ ਹਾਲਾਤ ਕਾਬੂ ਹੇਠ ਕੀਤੇ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਹੇਸ਼ ਦੇ ਸਿਰ ਵਿੱਚ ਦਰਦ ਸੀ ਅਤੇ ਉਸ ਨੂੰ ਉਲਟੀਆਂ ਆ ਰਹੀਆਂ ਸਨ। ਉਸ ਤੋਂ ਬਾਅਦ ਡਾਕਟਰਾਂ ਨੇ ਮਹੇਸ਼ ਨੂੰ ਤਿੰਨ ਟੀਕੇ ਲਗਾਏ ਅਤੇ ਥੋੜੇ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ ਸਬੰਧਤ ਮੈਡੀਕਲ ਸਟਾਫ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਮਹੇਸ਼ ਦੀ ਲਾਸ਼ ਦਾ ਪੋਸਟਮਾਰਟਮ ਪੰਚਕੂਲਾ ਹਸਪਤਾਲ ਦੀ ਬਜਾਏ ਜਨਰਲ ਹਸਪਤਾਲ ਸੈਕਟਰ-32 ਜਾਂ ਜਨਰਲ ਹਸਪਤਾਲ ਸੈਕਟਰ-16 ਚੰਡੀਗੜ੍ਹ ਵਿੱਚ ਕਰਵਾਇਆ ਜਾਵੇ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸਮਝਾ ਕੇ ਮਾਮਲਾ ਹੱਲ ਕਰਵਾਇਆ। ਮ੍ਰਿਤਕ ਮਹੇਸ਼ ਇੰਦਰਾ ਕਲੋਨੀ ਪੰਚਕੂਲਾ ਦਾ ਰਹਿਣ ਵਾਲਾ ਸੀ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਛਾਉਣੀ ਦੇ ਰਾਜਾ ਪਾਰਕ ਦਾ ਵਸਨੀਕ ਨਿਤਿਨ (31) ਲੰਘੀ ਰਾਤ ਛੱਤ ਤੋਂ ਹੇਠਾਂ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਹੇਸ਼ ਨਗਰ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲੀਸ ਮੁਤਾਬਕ ਨਿਤਿਨ ਬੀਤੀ ਰਾਤ ਆਪਣੇ ਦੋਸਤ ਦੀ ਸ਼ਾਦੀ ਵਿਚ ਗਿਆ ਸੀ। ਰਾਤ ਕਰੀਬ ਸਾਢੇ 11 ਵਜੇ ਉਹ ਘਰ ਮੁੜਿਆ ਅਤੇ ਸੌਣ ਲਈ ਪਹਿਲੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ ਵਿਚ ਚਲਾ ਗਿਆ। ਦੇਰ ਰਾਤ ਉਹ ਇਹ ਦੇਖਣ ਲਈ ਕਮਰੇ ਵਿਚੋਂ ਬਾਹਰ ਨਿਕਲਿਆ ਕਿ ਘਰ ਦਾ ਗੇਟ ਖੁੱਲ੍ਹਾ ਤਾਂ ਨਹੀਂ ਰਹਿ ਗਿਆ। ਜਿਉਂ ਹੀ ਉਹ ਗਰਿੱਲ ਦੇ ਉੱਤੋਂ ਗੇਟ ਨੂੰ ਦੇਖਣ ਲੱਗਾ ਤਾਂ ਥੱਲੇ ਡਿੱਗ ਪਿਆ। ਉਸ ਨੂੰ ਸਿਵਲ ਹਸਪਤਾਲ ਪਹੁੰਚਿਆ ਗਿਆ ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।
ਸੁਆਂ ਨਦੀ ਵਿੱਚ ਡੁੱਬਣ ਕਾਰਨ ਵਿਦਿਆਰਥੀ ਦੀ ਮੌਤ
ਨੂਰਪੁਰ ਬੇਦੀ (ਬਲਵਿੰਦਰ ਰੈਤ): ਸੁਆਂ ਨਦੀ ਵਿੱਚ ਡੁੱਬਣ ਕਾਰਨ ਅੱਜ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਬੰਟੀ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਸੁਆੜਾ ਵਜੋਂ ਹੋਈ ਹੈ। ਉਹ ਦਸਵੀਂ ਦਾ ਵਿਦਿਆਰਥੀ ਸੀ। ਬੰਟੀ ਆਪਣੇ ਦੋਸਤਾਂ ਨਾਲ ਸੁਆਂ ਨਦੀ ਵਿੱਚ ਨਹਾਉਣ ਗਿਆ ਸੀ ਤੇ ਡੂੰਘੇ ਖੱਡੇ ਵਿੱਚ ਪੈਰ ਫਿਸਲਣ ਕਾਰਨ ਉਸ ਵਿੱਚ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਖਣਨ ਮਾਫੀਏ ਵੱਲੋਂ ਸੁਆਂ ਨਦੀ ਵਿੱਚ 100 ਫੁੱਟ ਤੱਕ ਮਾਈਨਿੰਗ ਕੀਤੀ ਜਾਂਦੀ ਹੈ ਤੇ ਇਨ੍ਹਾਂ ਖੱਡਿਆਂ ਵਿੱਚ ਡੁੱਬਣ ਦੀਆਂ ਖਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ। ਇਲਾਕਾ ਸੰਘਰਸ਼ ਕਮੇਟੀ ਦੇ ਮੈਂਬਰ ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਨਾਜ਼ਾਇਜ਼ ਮਾਈਨਿੰਗ ਨੇ ਇੱਕ ਘਰ ਦਾ ਚਿਰਾਜ ਬੁਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐੱਸਡੀਐੱਮ ਆਨੰਦਪੁਰ ਸਾਹਿਬ ਨੂੰ ਮੰਗ ਪੱਤਰ ਦੇ ਖਣਨ ਮਾਫੀਏ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।