ਮੁਹਾਲੀ (ਕਰਮਜੀਤ ਸਿੰਘ ਚਿੱਲਾ): ਨਿਗਮ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੀਆਂ ਪਤਨੀਆਂ ਅਤੇ ਬੱਚੇ ਵੀ ਘਰੋ-ਘਰੀਂ ਚੋਣ ਪ੍ਰਚਾਰ ਵਿੱਚ ਰੁੱਝ ਗਏ ਹਨ। ਇੱਥੋਂ ਦੇ ਵਾਰਡ ਨੰਬਰ-46 ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਸਿੰਘ ਦੀ ਪਤਨੀ ਚਰਨਜੀਤ ਕੌਰ ਨੇ ਅੱਜ ਆਪਣੇ ਪਤੀ ਲਈ ਵੋਟਾਂ ਮੰਗੀਆਂ। ਇਸੇ ਤਰ੍ਹਾਂ ਵਾਰਡ ਨੰਬਰ-10 ਤੋਂ ਚੋਣ ਲੜ ਰਹੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪਤਨੀ ਜਤਿੰਦਰ ਕੌਰ ਸਿੱਧੂ ਨੇ ਵੀ ਆਪਣੇ ਪਤੀ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨਾਲ ਸਿਹਤ ਮੰਤਰੀ ਦੀ ਪਤਨੀ ਦਲਜੀਤ ਕੌਰ ਸਿੱਧੂ ਅਤੇ ਪਾਰਟੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਮੌਜੂਦ ਸਨ। ਇਸੇ ਦੌਰਾਨ ਵਾਰਡ ਨੰਬਰ-7 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਦੇ ਹੱਕ ਵਿੱਚ ਸਿਹਤ ਮੰਤਰੀ ਦੀ ਪਤਨੀ ਦਲਜੀਤ ਕੌਰ ਅਤੇ ਭਰਜਾਈ ਜਤਿੰਦਰ ਕੌਰ ਨੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਵਾਰਡ ਨੰਬਰ-8 ਤੋਂ ਕੁਲਜੀਤ ਸਿੰਘ ਬੇਦੀ ਨੇ ਅੱਜ ਚੋਣ ਮੀਟਿੰਗ ਕੀਤੀ। ਮੀਟਿੰਗ ਨੂੰ ਬਲਬੀਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ ਅਤੇ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ।