ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 2 ਜੂਨ
ਦੇਸ਼ ਦੀ ਰੱਖਿਆ ਕਰਦੇ ਹੋਏ ਸਰਹੱਦਾਂ ’ਤੇ ਜਾਨਾਂ ਵਾਰਨ ਵਾਲੇ ਸ਼ਹੀਦ ਫੌਜੀਆਂ ਦੇ ਪਰਿਵਾਰ ਇਨਸਾਫ਼ ਲਈ ਲੰਮੇ ਅਰਸੇ ਤੋਂ ਖੱਜਲ-ਖੁਆਰ ਹੋ ਗਏ ਹਨ। ਸਾਲ 1962, 1965 ਅਤੇ 1971 ਦੀਆਂ ਜੰਗਾਂ ਵਿੱਚ ਸ਼ਹੀਦ ਹੋਏ ਇਨ੍ਹਾਂ ਸੈਨਿਕਾਂ ਦੇ ਵਾਰਸਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਵਾਰਸਾਂ ਨੂੰ 10-10 ਏਕੜ ਜ਼ਮੀਨ ਅਤੇ 1-1 ਕਰੋੜ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪੀੜਤ ਪਰਿਵਾਰਾਂ ਦੇ ਮੈਂਬਰਾਂ ਕਰਨੈਲ ਸਿੰਘ ਬੈਦਵਾਨ, ਸਵਰਨ ਕੌਰ ਅਲਹੌਰਾਂ ਖ਼ੁਰਦ, ਗੁਰਮੀਤ ਸਿੰਘ ਕਾਕਾ, ਇੰਦਰਜੀਤ ਸਿੰਘ ਲਾਂਡਰਾਂ, ਹਰਨੇਕ ਸਿੰਘ ਕੰਡਾਲਾ, ਕਰਨੈਲ ਸਿੰਘ ਅਤੇ ਹਰਨੇਕ ਸਿੰਘ ਆਗਾਪੁਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ 10 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਹਾਲੇ ਵੀ ਕਾਫ਼ੀ ਪਰਿਵਾਰਾਂ ਨੂੰ ਜ਼ਮੀਨ ਅਲਾਟ ਨਹੀਂ ਹੋਈ।
ਪੀੜਤਾਂ ਨੇ ਦੱਸਿਆ ਕਿ ਅਜਿਹੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਗਿਣਤੀ 161 ਹੈ। ਕਈ ਧਰਨੇ ਮੁਜ਼ਾਹਰੇ ਵੀ ਕੀਤੇ ਗਏ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1-1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਧੇਲਾ ਵੀ ਨਹੀਂ ਮਿਲਿਆ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਬਾਅਦ ਜੰਗੀ ਸ਼ਹੀਦਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਮੰਗ ਕੀਤੀ ਕਿ ਸਾਲ 1976 ਤੋਂ ਨਿਰਧਾਰਿਤ ਨੀਤੀ ਅਨੁਸਾਰ 10 ਏਕੜ ਪ੍ਰਤੀ ਪਰਿਵਾਰ ਨੂੰ ਜ਼ਮੀਨ ਅਲਾਟ ਕੀਤੀ ਜਾਵੇ।