ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਮਈ
ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜਿਓਂ ਇਕ ਨਕਲੀ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਖ਼ੁਦ ਨੂੰ ਐੱਸਐੱਚਓ ਦੱਸ ਕੇ ਲੋਕਾਂ ਨੂੰ ਕਥਿਤ ਤੌਰ ’ਤੇ ਠੱਗਦਾ ਸੀ। ਜਦੋਂ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ, ਉਸ ਸਮੇਂ ਵੀ ਉਸ ਨੇ ਪੁਲੀਸ ਦੀ ਵਰਦੀ ਪਹਿਨੀ ਹੋਈ ਸੀ। ਮੁਲਜ਼ਮ ਦੀ ਪਛਾਣ ਅਵਿਨਾਸ਼ ਕੁਮਾਰ ਵਾਸੀ ਕੁਰਾਲੀ ਵਜੋਂ ਹੋਈ ਹੈ।
ਵੇਰਵਿਆਂ ਅਨੁਸਾਰ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਨਕਲੀ ਸਬ-ਇੰਸਪੈਕਟਰ ਦਾਰਾ ਸਟੂਡੀਓ ਨੇੜੇ ਵਾਹਨ ਚਾਲਕਾਂ ਨੂੰ ਰੋਕ ਕੇ ਦਸਤਾਵੇਜ਼ਾਂ ਦੀ ਚੈਕਿੰਗ ਦੀ ਆੜ ਵਿੱਚ ਉਨ੍ਹਾਂ ਤੋਂ ਪੈਸਿਆਂ ਦੀ ਵਸੂਲੀ ਕਰ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਫੇਜ਼-6 ਪੁਲੀਸ ਚੌਕੀ ਦੇ ਇੰਚਾਰਜ ਸੌਰਭ ਸਭਰਵਾਲ ਨੇ ਸਿਪਾਹੀ ਪ੍ਰਮੋਦ ਕੁਮਾਰ ਨੂੰ 500 ਦਾ ਨੋਟ ਦੇ ਕੇ ਸਾਦੇ ਕੱਪੜਿਆਂ ਵਿੱਚ ਇਕ ਵਾਹਨ ’ਤੇ ਦਾਰਾ ਸਟੂਡੀਓ ਵੱਲ ਭੇਜਿਆ। ਜਦੋਂ ਉਹ ਦਾਰਾ ਸਟੂਡੀਓਂ ਕੋਲੋਂ ਲੰਘਣ ਲੱਗਾ ਤਾਂ ਉੱਥੇ ਖੜ੍ਹੇ ਨਕਲੀ ਸਬ-ਇੰਸਪੈਕਟਰ ਨੇ ਸਿਪਾਹੀ ਪ੍ਰਮੋਦ ਕੁਮਾਰ ਨੂੰ ਰੋਕ ਕੇ ਚੈਕਿੰਗ ਦੌਰਾਨ ਉਸ ਤੋਂ ਵਾਹਨ ਦੇ ਦਸਤਾਵੇਜ਼ ਨਾ ਹੋਣ ਕਾਰਨ ਪੈਸੇ ਦੇਣ ਦੀ ਮੰਗ ਕੀਤੀ। ਪ੍ਰਮੋਦ ਕੁਮਾਰ ਨੇ ਨਕਲੀ ਸਬ-ਇੰਸਪੈਕਟਰ ਨੂੰ 500 ਰੁਪਏ ਦੇ ਦਿੱਤੇ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਨਕਲੀ ਸਬ-ਇੰਸਪੈਕਟਰ ਨੂੰ ਮੌਕੇ ਤੋਂ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਉਸ ਤੋਂ 500-500 ਦੇ ਤਿੰਨ ਨੋਟ ਬਰਾਮਦ ਹੋਏ। ਇਨ੍ਹਾਂ ਵਿੱਚ ਇੱਕ 500 ਦਾ ਨੋਟ ਸਿਪਾਹੀ ਪ੍ਰਮੋਦ ਕੁਮਾਰ ਵੱਲੋਂ ਦਿੱਤਾ ਗਿਆ ਸੀ। ਪੁਲੀਸ ਨੇ ਅਵਿਨਾਸ਼ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।