ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਫਰਵਰੀ
ਮੁਹਾਲੀ ਪੁਲੀਸ ਨੇ ਕੇਂਦਰੀ ਜਾਂਚ ਏਜੰਸੀ (ਐਨਆਈਏ) ਦੇ ਜਾਅਲੀ ਅਧਿਕਾਰੀ ਬਣ ਕੇ ਬਲੈਕਮੇਲ ਕਰਨ, ਅਗਵਾ ਕਰਨ ਅਤੇ ਫਿਰੌਤੀ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਦੇ ਗਰੋਹ ਦੇ ਮੁਖੀ ਡੋਮੀਨਕ ਸਹੋਤਾ, ਅਮਨਦੀਪ ਸਿੰਘ ਦਿਉਲ, ਰਾਜਵੀਰ ਸਿੰਘ, ਮੁਖਤਿਆਰ ਸਿੰਘ ਉਰਫ਼ ਪੀਟਰ ਸਹੋਤਾ, ਗੋਵਿੰਦਰ ਸਿੰਘ ਅਤੇ ਯੁਧਵੀਰ ਸਿੰਘ ਉਰਫ਼ ਯੋਧਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਫੇਜ਼-1 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੂੰ ਸਨਮ ਗਰਗ ਵਾਸੀ ਮੁਹਾਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 15 ਜਨਵਰੀ ਨੂੰ ਉਸ ਦੀ ਮੋਬਾਈਲਾਂ ਦੀ ਦੁਕਾਨ ਤੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਖ਼ੁਦ ਨੂੰ ਐਨਆਈਏ ਦੀ ਜਾਂਚ ਟੀਮ ਦੱਸ ਕੇ ਅਤੇ ਸਨਮ ਗਰਗ ਫਾਈਨਾਂਸ ਖ਼ਿਲਾਫ਼ ਪੁਲੀਸ ਕੇਸ ਦਰਜ ਹੋਣ ਦੀ ਗੱਲ ਕਹਿ ਕੇ ਅਗਵਾ ਕਰ ਲਿਆ ਸੀ। ਬਾਅਦ ਵਿੱਚ ਉਨ੍ਹਾਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ।
ਐਸਪੀ ਵਿਰਕ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ 16 ਜਨਵਰੀ ਨੂੰ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਅਤੇ ਇਸ ਦੌਰਾਨ ਵਾਰਦਾਤ ਵਾਲੀ ਥਾਂ ’ਤੇ ਮੋਬਾਈਲ ਟਾਵਰ ਤੋਂ ਕਾਮਨ ਨੰਬਰਾਂ ਦੀ ਜਾਂਚ ਉਪਰੰਤ ਅਮਨਦੀਪ ਸਿੰਘ ਦਿਉਲ ਵਾਸੀ ਢੀਮਾ ਵਾਲਾ, ਜ਼ਿਲ੍ਹਾ ਫਰੀਦਕੋਟ, ਹਰਦੀਪ ਸਿੰਘ ਡੋਡ, ਡੋਮੀਨਕ ਸਹੋਤਾ (ਜਾਅਲੀ ਐਨਆਈਏ ਅਫ਼ਸਰ), ਮੁਖਤਿਆਰ ਸਿੰਘ ਅਤੇ ਰਾਜਵੀਰ ਸਿੰਘ (ਜਾਅਲੀ ਗੰਨਮੈਨ) ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਮਨਦੀਪ ਦਿਉਲ ਨੂੰ 24 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਸਕਾਰਪਿਓ ਗੱਡੀ ਅਤੇ .32 ਬੋਰ ਦੀ ਨਾਜਾਇਜ਼ ਪਿਸਤੌਲ ਅਤੇ 4 ਜਿੰਦਾ ਕਾਰਤੂਸ ਅਤੇ 5 ਚੱਲੇ ਹੋਏ ਰੋਂਦ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਡੋਮੀਨਕ ਸਹੋਤਾ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ .32 ਬੋਰ ਦੀ ਪਿਸਤੌਲ ਅਤੇ ਇਕ ਦੇਸੀ ਪਿਸਤੌਲ ਬਰਾਮਦ ਕੀਤਾ ਅਤੇ ਸਕਾਰਪਿਓ ਅਤੇ ਸਵਿਫ਼ਟ ਡਿਜ਼ਾਇਰ ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਹੋਤਾ ਤੋਂ ਸਨਮ ਗਰਗ ਨੂੰ ਡਰਾਉਣ-ਧਮਕਾਉਣ ਅਤੇ ਫਿਰੌਤੀ ਮੰਗਣ ਲਈ ਲੈਪਟਾਪ ਵਿੱਚ ਐਡਿਟ ਕੀਤੀ ਐਫ਼ਆਈਆਰ ਨੂੰ ਬਰਾਮਦ ਕੀਤਾ ਗਿਆ ਅਤੇ ਲੈੱਪਟਾਪ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ। ਸਹੋਤਾ ਕੋਲੋਂ ਬੀਐਸਐਫ਼ ਦੇ ਅਸਿਸਟੈਂਟ ਕਮਾਂਡੈਂਟ ਦਾ ਜਾਅਲੀ ਆਈਡੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਉਸ ਦੀ ਨਿਸ਼ਾਨਦੇਹੀ ’ਤੇ ਅੱਗੇ ਰਾਜਵੀਰ ਸਿੰਘ ਨੂੰ ਕਾਬੂ ਕੀਤਾ ਗਿਆ। ਉਸ ਕੋਲੋਂ .32 ਬੋਰ ਦਾ ਰਿਵਾਲਵਰ, 14 ਜਿੰਦਾ ਕਾਰਤੂਸ ਬਰਾਮਦ ਵੀਤੇ ਗਏ ਹਨ।