ਪੀਪੀ ਵਰਮਾ
ਪੰਚਕੂਲਾ, 6 ਅਗਸਤ
ਹਰਿਆਣਾ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਵਿਭਾਗ (ਐੱਫਡੀਏ) ਨੇ ਅੱਜ ਪੰਚਕੂਲਾ ਦੇ ਬਰਵਾਲਾ ਵਿੱਚ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ। ਇਹ ਫੈਕਟਰੀ ਰਾਹੀਂ ਦਿੱਲੀ ਦੇ ਬਵਾਨਾ ਨੂੰ ਵੀ ਕਥਿਤ ਤੌਰ ’ਤੇ ਨਕਲੀ ਦਵਾਈਆਂ ਸਪਲਾਈ ਹੁੰਦੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਫਡੀਏ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਪਿੰਡ ਚਾਂਦਪੁਰ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿੱਚ ਦਵਾਈਆਂ ਦੇ ਨਕਲੀ ਉਤਪਾਦ ਬਣਾ ਕੇ ਵੇਚ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਐੱਫਡੀਏ ਦੇ ਸਹਾਇਕ ਸਟੇਟ ਡਰੱਗ ਕੰਟਰੋਲਰ ਰਿਪਨ ਮਹਿਤਾ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਜਿਸ ’ਚ ਸੀਨੀਅਰ ਡਰੱਗ ਕੰਟਰੋਲ ਅਫਸਰ (ਅੰਬਾਲਾ) ਸੁਨੀਲ ਦਹੀਆ ਅਤੇ ਡਰੱਗ ਕੰਟਰੋਲ ਅਫਸਰ (ਪੰਚਕੂਲਾ) ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਉਪਰੋਕਤ ਸੂਚਨਾ ਦੇ ਆਧਾਰ ’ਤੇ ਟੀਮ ਇੰਡਸਟਰੀਅਲ ਏਰੀਆ ਬਰਵਾਲਾ ਸਥਿਤ ਕਿਊਬਿਕ ਲਾਈਟ ਸਾਇੰਸ ਪ੍ਰਾਈਵੇਟ ਲਿਮਟਿਡ ਦੇ ਦਫਤਰ ਪਹੁੰਚੀ। ਇਸ ਦੌਰਾਨ ਪੜਤਾਲ ਕਰਨ ’ਤੇ ਟੀਮ ਨੂੰ 32 ਹਜ਼ਾਰ ਨਕਲੀ ਗੋਲੀਆਂ ਮਿਲੀਆਂ।
ਇਨ੍ਹਾਂ ਗੋਲੀਆਂ ਦੇ ਸਾਲਟ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਜਾਣਗੇ।