ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਅਕਤੂਬਰ
ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਮੁਹਾਲੀ ਵਿੱਚ ਈਐਸਆਈ ਹਸਪਤਾਲ ਅਤੇ ਡਿਸਪੈਂਸਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਮਰੀਜ਼ਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਜਸਬੀਰ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ, ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਭਾਗ ਸਿੰਘ ਸੁਹਾਗ ਨੇ ਈਐਸਆਈ ਹਸਪਤਾਲ ਮੁਹਾਲੀ ਅਤੇ ਡਿਸਪੈਂਸਰੀਆਂ ਵਿੱਚ ਇਲਾਜ ਦੌਰਾਨ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਈਐਸਆਈ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਜਵਾਬਦੇਹ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਕਾਮਿਆਂ ਵੱਲੋਂ ਆਪਣੇ ਅਤੇ ਪਰਿਵਾਰ ਦੇ ਸਿਹਤ ਬੀਮਾ ਬਦਲੇ ਤਨਖ਼ਾਹ ਦਾ ਚਾਰ ਫੀਸਦੀ ਹਿੱਸਾ ਈਐਸਆਈ ਨੂੰ ਅਦਾ ਕੀਤਾ ਜਾਂਦਾ ਹੈ। ਮੁਹਾਲੀ ਵਿੱਚ ਇਸ ਵੇਲੇ ਕਰੀਬ 4 ਲੱਖ ਵਰਕਰ ਹਨ, ਜਿਨ੍ਹਾਂ ਵੱਲੋਂ ਹਰੇਕ ਮਹੀਨੇ 10 ਕਰੋੜ ਤੋਂ ਵੱਧ ਈਐਸਆਈ ਫੰਡ ਦਿੱਤਾ ਜਾਂਦਾ ਹੈ। ਇਹ ਰਾਸ਼ੀ ਮੁਹਾਲੀ ਸਮੇਤ ਘੜੂੰਆਂ, ਸਿਆਲਬਾ ਮਾਜਰੀ, ਬੰਨਮਾਜਰਾ ਅਤੇ ਸੈਕਟਰ-82 ਦੇ ਕਾਮਿਆਂ ਤੋਂ ਵੀ ਇਕੱਤਰ ਕੀਤੀ ਜਾਂਦੀ ਹੈ, ਜਿੱਥੇ ਈਐਸਆਈ ਹਸਪਤਾਲ ਜਾਂ ਡਿਸਪੈਂਸਰੀਆਂ ਹੀ ਨਹੀਂ ਹੈ।
ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਈਐਸਆਈ ਹਸਪਤਾਲ ਮੁਹਾਲੀ ਅਤੇ ਡਿਸਪੈਂਸਰੀਆਂ ਦੀ ਹਾਲਤ ਤਰਸਯੋਗ ਹੈ ਅਤੇ ਫੈਕਟਰੀ ਕਾਮਿਆਂ ਨੂੰ ਇਲਾਜ ਲਈ ਨਾਂਹ ਦੇ ਬਰਾਬਰ ਸਹੂਲਤਾਂ ਮਿਲ ਰਹੀਆਂ ਹਨ। ਇਹੀ ਨਹੀਂ ਈਐਸਆਈ ਵਿੱਚ ਇਲਾਜ ਲਈ ਆਉਂਦੇ ਮਰੀਜ਼ਾਂ ਸਰਕਾਰੀ ਹਸਪਤਾਲ ਫੇਜ਼-6, ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32, ਸੈਕਟਰ-16 ਜਾਂ ਪੀਜੀਆਈ ਵਿੱਚ ਰੈਫ਼ਰ ਕਰ ਦਿੱਤਾ ਜਾਂਦਾ ਹੈ। ਕਰਮਚਾਰੀ ਬੀਮਾ ਹੋਣ ਦੇ ਬਾਵਜੂਦ ਕਾਮਿਆਂ ਨੂੰ ਆਪਣੀ ਜੇਬ ’ਚੋਂ ਪੈਸੇ ਖ਼ਰਚ ਕੇ ਇਲਾਜ ਕਰਵਾਉਣਾ ਪੈਂਦਾ ਹੈ ਅਤੇ ਬਾਅਦ ਵਿੱਚ ਕਈ ਕਈ ਮਹੀਨੇ ਬਿੱਲਾਂ ਦੀ ਅਦਾਇਗੀ ਨਹੀਂ ਹੁੰਦੀ। ਉਨ੍ਹਾਂ ਮੰਗ ਕੀਤੀ ਕਿ ਈਐਸਆਈ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਸਾਰੇ ਦਿਨ 24 ਘੰਟੇ ਇਲਾਜ ਲਈ ਖੁੱਲ੍ਹਾ ਰੱਖਿਆ ਜਾਵੇ, ਲੈਬਾਰਟਰੀ ਟੈੱਸਟਾਂ ਦਾ ਪ੍ਰਬੰਧ ਕੀਤਾ ਜਾਵੇ, ਈਐਸਆਈ ਹਸਪਤਾਲ ਵਿੱਚ ਮਾਹਰ ਡਾਕਟਰ ਤਾਇਨਾਤ ਕੀਤੇ ਜਾਣ, ਆਈਸੀਯੂ ਯੂਨਿਟ ਸਥਾਪਿਤ ਕੀਤਾ ਜਾਵੇ, ਮੈਡੀਕਲ ਬਿੱਲਾਂ ਦੀ ਸਮਾਂਬੱਧ ਕਲੀਅਰੈਂਸ ਯਕੀਨੀ ਬਣਾਈ ਜਾਵੇ।