ਹਰਦੇਵ ਚੌਹਾਨ
ਚੰਡੀਗੜ੍ਹ, 10 ਸਤੰਬਰ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿੱਚ ਜੰਗ ਬਹਾਦਰ ਗੋਇਲ ਨਾਲ ਰੂਬਰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਖਾਦੀ ਸੇਵਾ ਸੰਘ ਦੇ ਚੇਅਰਮੈਨ ਕੇ. ਕੇ. ਸ਼ਾਰਦਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਜੰਗ ਬਹਾਦਰ ਗੋਇਲ ਦੀ ਸਿਰਜਣ ਪ੍ਰਕਿਰਿਆ ਦੇ ਹਵਾਲੇ ਨਾਲ ਸਾਂਝ ਪਾਉਂਦਿਆਂ ਭੁਪਿੰਦਰ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਵਿਸ਼ਵ ਭਰ ਦੇ ਮਕਬੂਲ ਲੇਖਕਾਂ ਦੀਆਂ ਪ੍ਰਮੁੱਖ ਕਿਤਾਬਾਂ ਨੂੰ ਇਕ ਵੱਖਰੀ ਵਿਧਾ ਦੇ ਰੂਪ ਵਿਚ ਪੰਜਾਬੀ ਪਾਠਕਾਂ ਲਈ ਉਪਲੱਬਧ ਕਰਵਾਇਆ ਹੈ। ਇਸ ਮੌਕੇ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਚੰਗਾ ਸਾਹਿਤ ਸੰਜੀਵਨੀ ਹੈ, ਜੋ ਤੁਹਾਨੂੰ ਜੀਵਨ ਦਿੰਦਾ ਹੈ। ਆਪਣੇ ਜੀਵਨ, ਸੰਘਰਸ਼ਮਈ ਘਾਲਣਾ ਤੇ ਪਰਿਵਾਰਕ ਸਾਥ ਬਾਰੇ ਉਨ੍ਹਾਂ ਕਿਹਾ, ‘‘ਮੈਂ ਅਨੁਵਾਦਕ ਨਹੀਂ, ਮੈਂ ਤਾਂ ਉਪਾਸ਼ਕ ਹਾਂ। ਮੈਂ ਕੋਈ ਵੀ ਨਾਵਲ, ਵਾਰਤਕ ਰਚਨਾ ਜਾਂ ਲੇਖਕ ਬਾਰੇ ਰਚਿਤ ਕਿਤਾਬ ਨੂੰ ਅਨੇਕਾਂ ਵਾਰ ਉਦੋਂ ਤੱਕ ਪੜ੍ਹਦਾ ਰਹਿੰਦਾ ਹਾਂ ਜਦੋਂ ਤੱਕ ਉਹ ਮੇਰੇ ਅੰਦਰ ਰਮ ਨਹੀਂ ਜਾਂਦੀ ਤੇ ਫਿਰ ਮੈਂ ਉਸ ਨੂੰ ਨਵੇਂ ਸ਼ਬਦ ਦੇ ਕੇ ਗੁਰਮੁਖੀ ਲਿੱਪੀ ਵਿਚ ਇਕ ਕਿਤਾਬ ਦਾ ਰੂਪ ਦੇ ਦਿੰਦਾ ਹਾਂ।’’ ਸਮਾਗਮ ਦੇ ਦੂਜੇ ਹਿੱਸੇ ਵਿੱਚ ਕਾਵਿ ਮਹਿਫ਼ਲ ਸਜਾਈ ਗਈ।