ਕਰਮਜੀਤ ਸਿੰਘ ਚਿੱਲਾ
ਬਨੂੜ, 12 ਜਨਵਰੀ
ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨਾਲ ਸਮੁੱਚਾ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ। ਸੜਕਾਂ ਉੱਤੇ ਆਵਾਜਾਈ ਵੀ ਘੱਟ ਹੈ ਅਤੇ ਬਾਜ਼ਾਰਾਂ ਵਿੱਚ ਗਾਹਕਾਂ ਦੀ ਆਮਦ ਬੇਹੱਦ ਘੱਟ ਹੈ। ਸਾਰਾ-ਸਾਰਾ ਦਿਨ ਸੂਰਜ ਨਾ ਨਿਕਲਣ ਕਾਰਨ ਲੋਕੀਂ ਘਰਾਂ ਦੇ ਅੰਦਰ ਬੈਠਣ ਲਈ ਮਜਬੂਰ ਹਨ। ਵਿਹਲੇ ਬੈਠੇ ਦੁਕਾਨਦਾਰ ਦੁਕਾਨਾਂ ਅੱਗੇ ਧੂਣੀਆਂ ਬਾਲ ਕੇ ਸੇਕਣ ਲਈ ਮਜਬੂਰ ਹਨ। ਲੋਹੜੀ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰ ਵੀ ਠੰਢ ਦਾ ਪ੍ਰਭਾਵ ਪੈਣ ਅਤੇ ਦੁਕਾਨਦਾਰੀ ਘਟ ਹੋਣ ਦੀ ਗੱਲ ਆਖ ਰਹੇ ਹਨ। ਖੇਤੀ ਮਾਹਿਰ ਤਾਜ਼ਾ ਠੰਢ ਨੂੰ ਕਣਕ ਅਤੇ ਹੋਰ ਫ਼ਸਲਾਂ ਲਈ ਲਾਹੇਵੰਦ ਦੱਸ ਰਹੇ ਹਨ। ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਣਕ ਲਈ ਠੰਢ ਸਭ ਤੋਂ ਵੱਧ ਲਾਹੇਵੰਦ ਹਨ। ਇਸ ਨਾਲ ਹੋਰ ਫਸਲਾਂ ਨੂੰ ਵੀ ਲਾਭ ਪਹੁੰਚੇਗਾ। ਬੱਸਾਂ ਵਿੱਚ ਵੀ ਸਵਾਰੀਆਂ ਘੱਟ ਹਨ। ਸਕੂਲ ਖੁੱਲ੍ਹਣ ਦੇ ਬਾਵਜੂਦ ਠੰਢ ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਮਦ ਘਟ ਹੈ। ਸ਼ਹਿਰਾਂ ਤੇ ਪਿੰਡਾਂ ਵਿੱਚ ਵੱਖ-ਵੱਖ ਥਾਈਂ ਲੋਕ ਅੱਗ ਸੇਕਦੇ ਨਜ਼ਰ ਆਏ।