ਪੱਤਰ ਪ੍ਰੇਰਕ
ਬਨੂੜ, 3 ਜਨਵਰੀ
ਸੀ ਗਰੇਡ ਤੋਂ ਬੀ ਗਰੇਡ ਵਿੱਚ ਸ਼ੁਮਾਰ ਹੋਈ ਨਗਰ ਕੌਂਸਲ ਬਨੂੜ ਦੀ ਹਦੂਦ ਵਿੱਚ ਵਾਧਾ ਹੋ ਗਿਆ ਹੈ। ਸਥਾਨਿਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਬਨੂੜ ਦੇ ਸ਼ਹਿਰੀਆਂ ਵੱਲੋਂ ਲੰਮੇ ਸਮੇਂ ਤੋਂ ਹਦੂਦ ਵਿੱਚ ਵਾਧੇ ਦੀ ਮੰਗ ਕੀਤੀ ਜਾ ਰਹੀ ਸੀ। ਤਾਜ਼ਾ ਵਾਧੇ ਨਾਲ ਸ਼ਰਾਬ ਫੈਕਟਰੀ, ਕਈ ਸ਼ੈਲਰ ਅਤੇ ਹੋਰ ਅਦਾਰੇ ਨਗਰ ਕੌਂਸਲ ਦੀ ਹਦੂਦ ਅੰਦਰ ਆ ਗਏ ਹਨ ਤੇ ਕੌਂਸਲ ਨੂੰ ਇਸ ਨਾਲ ਆਰਥਿਕ ਲਾਭ ਹੋਵੇਗਾ। ਬਨੂੜ ਕੌਂਸਲ ਵੱਲੋਂ 28-5-2018 ਅਤੇ 22-9-2019 ਨੂੰ ਹਦੂਦ ਵਿੱਚ ਵਾਧੇ ਸਬੰਧੀ ਮਤੇ ਪਾਏ ਗਏ ਸਨ। ਸਥਾਨਿਕ ਸਰਕਾਰਾਂ ਵਿਭਾਗ ਵੱਲੋਂ ਇਸ ਸਬੰਧੀ ਅਧਿਸੂਚਨਾ ਪ੍ਰਕਾਸ਼ਿਤ ਕਰਕੇ ਲੋਕਾਂ ਕੋਲੋਂ ਸੁਝਾਅ ਅਤੇ ਇਤਰਾਜ਼ ਮੰਗੇ ਗਏ ਸਨ। ਕਿਸੇ ਵੱਲੋਂ ਵੀ ਕੋਈ ਇਤਰਾਜ਼ ਨਾ ਆਉਣ ਮਗਰੋਂ ਵਿਭਾਗ ਨੇ ਹੱਦ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਧੀ ਹੋਈ ਹੱਦ ਅਨੁਸਾਰ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ ਹੱਦਬਸਤ ਨੰਬਰ 280 ਹੇਠਲਾ ਬਨੂੜ ਦਾ ਸਮੁੱਚਾ ਰਕਬਾ ਹੁਣ ਨਗਰ ਕੌਂਸਲ ਦੇ ਅਧੀਨ ਆ ਗਿਆ ਹੈ। ਪਹਿਲਾਂ ਇਸ ਹੱਦਬਸਤ ਨੰਬਰ ਦਾ ਇੱਕ ਚੌਥਾਈ ਦੇ ਕਰੀਬ ਹਿੱਸਾ ਕੌਂਸਲ ਤੋਂ ਬਾਹਰ ਸੀ।
ਪੰਜਾਹ ਲੱਖ ਤੋਂ ਵੱਧ ਸਾਲਾਨਾ ਆਮਦਨ ਵਧੇਗੀ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਆਖਿਆ ਕਿ ਬਨੂੜ ਕੌਂਸਲ ਦੀ ਹੱਦ ਵੱਧਣ ਨਾਲ ਕੌਂਸਲ ਨੂੰ ਸ਼ਰਾਬ ਫੈਕਟਰੀ ਅਤੇ ਹੋਰਨਾਂ ਅਦਾਰਿਆਂ ਤੋਂ ਸਾਲਾਨਾ ਪੰਜਾਹ ਲੱਖ ਤੋਂ ਵੱਧ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਮੁਆਵਜ਼ਾ ਹਾਸਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਕਾਸ ਦੇ ਕੰਮ ਹੋਰ ਤੇਜ਼ੀ ਨਾਲ ਹੋਣਗੇ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਬਨੂੜ ਨੂੰ ਵਧੀ ਹੋਈ ਹੱਦ ਸਬੰਧੀ ਮਾਲ ਵਿਭਾਗ ਦੇ ਰਿਕਾਰਡ ਵਿੱਚ ਜ਼ਰੂਰੀ ਇੰਦਰਾਜ ਦਰਜ ਕਰਨ ਲਈ ਲਿਖਤੀ ਪੱਤਰ ਭੇਜ ਦਿੱਤਾ ਗਿਆ ਹੈ।