ਪੀ ਪੀ ਵਰਮਾ
ਪੰਚਕੂਲਾ, 22 ਫਰਵਰੀ
ਇੱਥੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੈਕਟਰ 5 ਸਥਿਤ ਹੁੱਡਾ ਗਰਾਊਂਡ ਵਿੱਚ ਧਰਨੇ ’ਤੇ ਬੈਠੇ ਐਕਸਟੈਂਸ਼ਨ ਲੈਕਚਰਾਰਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਐਕਸਟੈਂਸ਼ਨ ਲੈਕਚਰਾਰਾਂ ਵਿੱਚ ਮਹਿਲਾ ਲੈਕਚਰਾਰ ਵੀ ਸ਼ਾਮਲ ਹਨ। ਇਹ ਲੈਕਚਰਾਰ ਲੰਬੇ ਸਮੇਂ ਤੋਂ ਪੰਚਕੂਲਾ ਵਿੱਚ ਧਰਨੇ ’ਤੇ ਬੈਠੇ ਹਨ।
ਇਸ ਮੌਕੇ ਐਕਸਟੈਂਸ਼ਨ ਲੈਕਚਰਾਰਾਂ ਦੇ ਪ੍ਰਧਾਨ ਈਸ਼ਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦਿਨ-ਰਾਤ ਧਰਨੇ ’ਤੇ ਬੈਠਿਆਂ 42 ਦਿਨ ਹੋ ਗਏ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਉਨ੍ਹਾਂ ਨੂੰ ਨੌਕਰੀ ਵਿੱਚ ਸਕਿਉਰਿਟੀ ਦੇਣਾ, ਮਹਿੰਗਾਈ ਭੱਤਾ ਦੇਣਾ, ਹਰ ਸਾਲ ਤਨਖਾਹ ਵਿੱਚ ਵਾਧਾ, ਸੇਵਾ ਨਿਯਮ ਬਣਾਉਣੇ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਬਾਰੇ ਸਿੱਖਿਆ ਮੰਤਰੀ ਕੰਵਰਪਾਲ ਨੇ ਵਿਸ਼ਵਾਸ ਦਿਵਾਇਆ ਸੀ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਤੌਰ ’ਤੇ ਲਾਗੂ ਨਹੀਂ ਕੀਤਾ।