ਹਰਜੀਤ ਸਿੰਘ
ਡੇਰਾਬੱਸੀ, 15 ਦਸੰਬਰ
ਹਲਕਾ ਵਿਧਾਇਕ ਐਨ.ਕੇ. ਸ਼ਰਮਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਕਾਂਗਰਸੀ ਆਗੂਆਂ ਦੇ ਕਥਿਤ ਦਬਾਅ ਹੇਠ ਅਕਾਲੀ ਦਲ ਦੇ ਸਮਰਥਕਾਂ ਦੀਆਂ 21 ਹਜ਼ਾਰ ਵੋਟਾਂ ਕੱਟਣ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਬੈੱਕਫੂਟ ‘ਤੇ ਆ ਗਿਆ ਹੈ। ਉਧਰ ਚੋਣ ਕਮਿਸ਼ਨ ਦੀ ਹਦਾਇਤ ‘ਤੇ ਡਿਪਟੀ ਕਮਿਸ਼ਨਰ ਮੁਹਾਲੀ ਨੇ ਵੋਟਾਂ ਦੇ ਇਤਰਾਜ਼ ਲਈ ਇਕ ਹਫ਼ਤੇ ਦਾ ਸਮਾਂ ਵਧਾ ਦਿੱਤਾ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਿਥੇ ਹਲਕੇ ਵਿੱਚ 21 ਹਜ਼ਾਰ ਅਕਾਲੀ ਸਮਰਥਕਾਂ ਦੀਆਂ ਵੋਟਾਂ ਕੱਟੀਆਂ, ਉਥੇ ਹੀ ਬਤੌਰ ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਦੀ ਵੋਟ ਵੀ ਦੂਜੇ ਵਾਰਡ ਵਿੱਚ ਤਬਦੀਲ ਕਰ ਦਿੱਤੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੰਘੇ ਕੱਲ੍ਹ ਸਬੂਤਾਂ ਸਮੇਤ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ, ਜਿਸ ਦਾ ਚੋਣ ਕਮਿਸ਼ਨ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ।
ਡੇਰਾਬੱਸੀ ਪਹੁੰਚੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹੇ ਦੇ ਚੋਣ ਰਜਿਸਟ੍ਰੇਸ਼ਨ ਅਫਸਰਾਂ ਦੇ ਕੰਮ ਦੇ ਨਿਰੀਖਣ ਤੋਂ ਸਾਹਮਣੇ ਆਇਆ ਹੈ ਕਿ ਡੇਰਾਬੱਸੀ, ਲਾਲੜੂ, ਜ਼ੀਰਕਪੁਰ ਅਤੇ ਮੁਹਾਲੀ ਦੀਆਂ ਨਗਰ ਕੌਂਸਲਾਂ ਵਿੱਚ ਵੋਟਰ ਸੂਚੀਆਂ ਲੋੜੀਂਦੇ ਢੁੱਕਵੇਂ ਤਰੀਕੇ ਨਾਲ ਜਨਤਕ ਨਹੀਂ ਕੀਤੀ ਗਈਆਂ। ਇਹ ਮਾਮਲਾ ਸਟੇਟ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਡੇਰਾਬੱਸੀ, ਲਾਲੜੂ, ਜ਼ੀਰਕਪੁਰ ਅਤੇ ਮੁਹਾਲੀ ਦੀਆਂ ਨਗਰ ਕੌਂਸਲਾਂ ਲਈ ਪਹਿਲਾਂ ਵਾਲਾ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਪ੍ਰੋਗਰਾਮ ਵਾਪਸ ਲੈ ਲਿਆ ਹੈ ਅਤੇ ਇਕ ਸੋਧਿਆ ਹੋਇਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਨਵੇਂ ਪ੍ਰੋਗਰਾਮ ਮੁਤਾਬਕ ਵੋਟਰ ਸੂਚੀਆਂ ਨੂੰ ਤਿਆਰ ਕਰਨ ਦੀ ਤਰੀਕ 16 ਦਸੰਬਰ, ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਸਬੰਧੀ ਆਖ਼ਰੀ ਤਰੀਕ 23 ਦਸੰਬਰ ਅਤੇ ਵੋਟਰ ਸੂਚੀਆਂ ਦਾ ਆਖਰੀ ਪ੍ਰਕਾਸ਼ਨ 5 ਜਨਵਰੀ ਤੱਕ ਹੋਏਗਾ।
ਪ੍ਰਸ਼ਾਸਨ ਨੇ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ
ਖਰੜ (ਪੱਤਰ ਪ੍ਰੇਰਕ): ਭਾਵੇਂ ਪੰਜਾਬ ਸਰਕਾਰ ਨੇ ਹਾਲੇ ਤੱਕ ਖਰੜ ਅਤੇ ਕੁਰਾਲੀ ਦੀਆਂ ਨਗਰ ਕੌਂਸਲ ਚੋਣਾਂ ਸਬੰਧੀ ਕੋਈ ਪ੍ਰੋਗਰਾਮ ਨਹੀਂ ਉਲੀਕਿਆ, ਪਰ ਪ੍ਰਸ਼ਾਸਨ ਨੇ ਇਹ ਚੋਣਾਂ ਕਰਵਾਉਣ ਲਈ ਆਪਣੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਖਰੜ ਦੇ ਐੱਸਡੀਐੱਮ ਅਤੇ ਇਨ੍ਹਾਂ ਦੇੇ ਇਲੈਕਟਰੋਲ ਰਜਿਸਟਰੇਸ਼ਨ ਅਫਸਰ ਹਿਮਾਂਸ਼ੂ ਜੈਨ ਤੋਂ ਮਿਲੀ ਸੂਚਨਾ ਅਨੁਸਾਰ ਖਰੜ ਵਿੱਚ ਕੁੱਲ 80,346 ਵੋਟਰਾਂ ਨੇ ਹੁਣ ਤੱਕ ਆਪਣਾ ਨਾਂ ਵੋਟਰ ਦੇ ਤੌਰ ’ਤੇ ਰਜਿਸਟਰਡ ਕਰਵਾਇਆ ਹੈ। ਇਸੇ ਤਰ੍ਹਾਂ ਕੁਰਾਲੀ ਨਗਰ ਕੌਂਸਲ ਵਿੱਚ ਹੁਣ ਤੱਕ 24 ਹਜ਼ਾਰ 564 ਵੋਟਰਾਂ ਨੇ ਆਪਣੇ ਨਾਂ ਦਰਜ ਕਰਵਾਏ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਆਪਣੇ ਇਤਰਾਜ਼ ਅੱਜ ਭਾਵ 16 ਦਸੰਬਰ ਤੱਕ ਦੇ ਸਕਦਾ ਹੈ। ਇਸ ਉਪਰੰਤ ਇਨ੍ਹਾਂ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਨਿਗਮ ਕਮਿਸ਼ਨਰ ਨੂੰ ਮੰਗ ਪੱਤਰ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂਆਂ ਅਤੇ ਸਾਬਕਾ ਕੌਂਸਲਰਾਂ ਨੇ ਵੋਟਰ ਸੂਚੀਆਂ ਮੁਹੱਈਆ ਨਾ ਕਰਵਾਏ ਜਾਣ ’ਤੇ ਨਗਰ ਨਿਗਮ ਭਵਨ ਵਿੱਚ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਅਧਿਕਾਰੀ ਕਾਂਗਰਸੀ ਉਮੀਦਵਾਰਾਂ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਵੋਟਰ ਸੂਚੀਆਂ ਮੁਹੱਈਆ ਨਹੀਂ ਕਰਵਾ ਰਹੇ। ਇਸ ਸਬੰਧੀ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਤੇ ਸਾਬਕਾ ਕੌਂਸਲ ਅਰੁਣ ਸ਼ਰਮਾ ਸਣੇ ਹੋਰਨਾਂ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਵੋਟਰ ਸੂਚੀਆਂ ਤੁਰੰਤ ਮੁਹੱਈਆ ਕਰਵਾਈਆਂ ਜਾਣ।