ਮੁੱਖ ਅੰਸ਼
- ਨਾਮਜ਼ਦ ਕੀਤੇ ਤਿੰਨ ਪਿਉ-ਪੁੱਤਰਾਂ ਸਣੇ ਸੱਤ ਮੁਲਜ਼ਮਾਂ ਵਿੱਚੋਂ ਪੰਜ ਗ੍ਰਿਫ਼ਤਾਰ
- ਨਕਲੀ ਮੋਹਰਾਂ, ਹਲਫ਼ੀਆ ਬਿਆਨ ਵਾਲੀਆਂ ਟਿਕਟਾਂ ਤੇ 10 ਇੰਦਰਾਜ ਰਜਿਸਟਰਾਂ ਸਣੇ ਐੱਸਯੂਵੀ ਬਰਾਮਦ
ਹਰਜੀਤ ਸਿੰਘ
ਜ਼ੀਰਕਪੁਰ, 24 ਫਰਵਰੀ
ਪੁਲੀਸ ਨੇ ਬਿਨਾਂ ਲਾਇਸੈਂਸ ਤੋਂ ਪੁਰਾਣੇ ਅਸ਼ਟਾਮਪੇਪਰ ਵੇਚਣ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਇਸ ਗਰੋਹ ਦੇ ਸੱਤ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਵਿੱਚੋਂ ਪੰਜ ਮੈਂਬਰਾਂ ਨੂੰ ਜਾਅਲੀ ਮੋਹਰਾਂ ਸਮੇਤ ਕਾਬੂ ਕੀਤਾ ਹੈ। ਐੱਸ.ਪੀ. (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਕਿ ਖੇਤਰ ਵਿੱਚ ਬਿਨਾਂ ਲਾਇਸੈਂਸ ਤੋਂ ਪੁਰਾਣੇ ਅਸ਼ਟਾਮ ਵੇਚਣ ਵਾਲਾ ਗਰੋਹ ਸਰਗਰਮ ਹੈ। ਇਸ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਹਰੀਸ਼ ਕੁਮਾਰ ਅਰੋੜਾ ਵਾਸੀ ਢਕੌਲੀ ਨੂੰ ਪੁਰਾਣੇ ਅਸ਼ਟਾਮ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਕੋਲ ਅਸ਼ਟਾਮ ਵੇਚਣ ਲਈ ਕੋਈ ਲਾਇਸੈਂਸ ਨਹੀਂ ਸੀ ਅਤੇ ਉਸ ਤੋਂ ਜਾਅਲੀ ਮੋਹਰਾਂ ਵੀ ਬਰਾਮਦ ਹੋਈਆਂ ਹਨ।
ਪੁਲੀਸ ਨੇ ਹਰੀਸ਼ ਕੁਮਾਰ ਤੋਂ ਪੁੱਛ-ਪੜਤਾਲ ਕੀਤੀ ਤਾਂ ਇਸ ਅਪਰਾਧ ਵਿੱਚ ਸ਼ਾਮਲ ਇਸ਼ਾਂਨ ਠਾਕੁਰ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ, ਅਸ਼ੋਕ ਕੁਮਾਰ ਵਾਸੀ ਸਮਾਣਾ, ਸਚਿਨ ਜਿੰਦਲ ਵਾਸੀ ਸੁਨਾਮ ਅਤੇ ਸਤਪਾਲ ਵਾਸੀ ਤਹਿਸੀਲ ਕੰਪਲੈਕਸ ਸੈਕਟਰ-17 ਚੰਡੀਗੜ੍ਹ ਦੇ ਨਾਂ ਸਾਹਮਣੇ ਆਏ। ਪੁਲੀਸ ਨੇ ਦੱਸਿਆ ਕਿ ਹਰੀਸ਼ ਕੁਮਾਰ ਅਰੋੜਾ ਬਿਨਾਂ ਦਰਜ ਕਰਵਾਏ ਖਾਲੀ ਅਸ਼ਟਾਮ ਲਿਆ ਕੇ ਆਪਣੇ ਕੋਲ ਰੱਖਦਾ ਸੀ ਅਤੇ ਕਥਿਤ ਤੌਰ ’ਤੇ ਵਾਧੂ ਰਕਮ ਵਸੂਲ ਕੇ ਵੇਚਦਾ ਸੀ।
ਪੁਲੀਸ ਅਨੁਸਾਰ ਉਹ ਅਸ਼ਟਾਮਫਰੋਸ਼ਾਂ ਤੋਂ ਮਿਆਦ ਪੁਗ ਚੁੱਕੇ ਅਸ਼ਟਾਮ, ਜੋ ਬਿਨਾਂ ਨੰਬਰੀ ਹੁੰਦੇ ਸਨ, ਲਿਆ ਕੇ ਪਿਛਲੀਆਂ ਤਰੀਕਾਂ ਵਿੱਚ ਉਨ੍ਹਾਂ ਦੀਆਂ ਐਂਟਰੀਆਂ ਕਰਵਾਉਂਦਾ ਸੀ। ਪੁਲੀਸ ਨੇ ਹਰੀਸ਼ ਕੁਮਾਰ ਨੂੰ ਇਕ ਐੱਸਯੂਵੀ, 333 ਅਸ਼ਟਾਮ, 11 ਜਾਅਲੀ ਮੋਹਰਾਂ, 250 ਹਲਫ਼ੀਆ ਬਿਆਨ ਵਾਲੀਆਂ ਟਿਕਟਾਂ ਅਤੇ 10 ਇੰਦਰਾਜ ਰਜਿਸਟਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹੋਰਨਾਂ ਅਸ਼ਟਾਮਫਰੋਸ਼ਾਂ ਨੂੰ ਵੀ ਕਾਬੂ ਕੀਤਾ ਗਿਆ।
ਸਰਗਨਾ ਹਰੀਸ਼ ਕੁਮਾਰ ਧੰਦੇ ਨੂੰ 8 ਸਾਲਾਂ ਤੋਂ ਚਲਾ ਰਿਹਾ ਸੀ: ਐੱਸਪੀ
ਐੱਸਪੀ ਰਵਜੋਤ ਕੌਰ ਨੇ ਦੱਸਿਆ ਕਿ ਇਸ ਗਰੋਹ ਦਾ ਮੁੱਖ ਸਰਗਨਾ ਹਰੀਸ਼ ਕੁਮਾਰ ਅਰੋੜਾ ਹੈ ਜੋ ਇਸ ਧੰਦੇ ਨੂੰ ਕਰੀਬ 8 ਸਾਲਾਂ ਤੋਂ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਰੀਸ਼ ਕੁਮਾਰ ਨੇ ਜ਼ੀਰਕਪੁਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਹੋਰਨਾਂ ਸੂਬਿਆਂ ਵਿੱਚ ਆਪਣੇ ਲਿੰਕ ਬਣਾਏ ਹੋਏ ਸਨ। ਉਸ ਨੇ ਲੰਘੇ ਸਮੇਂ ਦੌਰਾਨ ਵੱਖ ਵੱਖ ਥਾਵਾਂ ਤੋਂ ਪੁਰਾਣੇ ਅਸ਼ਟਾਮ ਪੇਪਰ ਬਿਨਾਂ ਨੰਬਰਾਂ ਤੋਂ ਖਰੀਦੇ ਸਨ ਅਤੇ ਗਲਤ ਤਰੀਕੇ ਨਾਲ ਮਹਿੰਗੇ ਭਾਅ ਵੇਚੇ ਹਨ। ਉਹ ਵੱਖ ਵੱਖ ਅਸ਼ਟਾਮਫਰੋਸ਼ਾਂ ਦੀਆਂ ਜਾਅਲੀ ਮੋਹਰਾਂ ਤਿਆਰ ਕਰਵਾਉਂਦਾ ਸੀ ਜਿਨ੍ਹਾਂ ਵਿਚੋਂ ਇੱਕ ਵਰਤੀ ਗਈ ਮੋਹਰਕਰਤਾ ਦੀ 2009 ਵਿੱਚ ਮੌਤ ਵੀ ਹੋ ਚੁੱਕੀ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਇਸ ਧੰਦੇ ਵਿਚ ਆਪਣੇ ਲੜਕੇ ਸਾਹਿਲ ਅਰੋੜਾ ਅਤੇ ਅਭਿਸ਼ੇਕ ਅਰੋੜਾ ਨੂੰ ਵੀ ਸ਼ਾਮਲ ਕੀਤਾ ਹੋਇਆ ਹੈ ਜੋ ਕਿ ਫਰਾਰ ਹਨ। ਇਸ ਮਾਮਲੇ ਵਿੱਚ ਹਰੀਸ਼ ਕੁਮਾਰ ਅਰੋੜਾ, ਦਵਿੰਦਰ ਕੁਮਾਰ, ਅਸ਼ੋਕ ਕੁਮਾਰ, ਸਚਿਨ ਜਿੰਦਲ ਅਤੇ ਅਭੈ ਭਟਾਚਾਰਿਆ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।