ਡਾ. ਹਿਮਾਂਸੂ ਸੂਦ
ਫ਼ਤਹਿਗੜ੍ਹ ਸਾਹਿਬ, 14 ਜੂਨ
ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟਰੱਕ ਅਤੇ ਕੈਂਟਰ ਘੇਰ ਕੇ ਉਨ੍ਹਾਂ ਦੇ ਡਰਾਈਵਰਾਂ ਦੀ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਵਾਲੇ ਗਰੋਹ ਨੂੰ ਸੀਆਈਏ ਸਟਾਫ਼ ਇੰਚਾਰਜ ਗੱਬਰ ਸਿੰਘ ਦੀ ਅਗਵਾਈ ਹੇਠ ਕਾਬੂ ਕਰਕੇ ਉਨ੍ਹਾਂ ਕੋਲੋਂ ਵਾਰਦਾਤਾਂ ਸਮੇਤ ਵਰਤੇ ਜਾਣ ਵਾਲੇ ਹਥਿਆਰ ਅਤੇ ਇਕ ਟਾਟਾ ਟਿਆਗੋ ਕਾਰ (ਪੀਬੀ48ਐਫ-8191) ਬਰਾਮਦ ਕਰ ਲਈ ਹੈ। ਸੀਆਈਏ ਸਟਾਫ਼ ਸਰਹਿੰਦ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਪਤਾਨ ਪੁਲੀਸ (ਜਾਂਚ) ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਇਸ 7 ਮੈਂਬਰੀ ਗਰੋਹ ਵਿੱਚ ਜ਼ਿਆਦਾਤਰ ਮੈਂਬਰ ਗੁਆਂਢੀ ਰਾਜਾਂ ਦੇ ਸਨ ਜੋ ਮੰਡੀ ਗੋਬਿੰਦਗੜ੍ਹ ਆ ਕੇ ਕਰਾਏ ਦੇ ਮਕਾਨਾਂ ਵਿੱਚ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਕਥਿਤ ਦੋਸ਼ੀ ਡਰਾਈਵਰਾਂ ਦੀ ਕੁੱਟਮਾਰ ਕਰਕੇ ਲੱਤਾਂ ਬਾਹਾਂ ਬੰਨ੍ਹ ਕੇ ਸੁਨਸਾਨ ਜਗਾਂ ’ਤੇ ਸੁੱਟ ਕੇ ਟਰੱਕ/ਕੈਂਟਰ ਖੋਹ ਕੇ ਲੈ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਗਰੋਹ ਵਿੱਚ ਰਾਜੀਵ ਕੁਮਾਰ ਉਰਫ਼ ਛੋਟੂ, ਸੰਜੀਵ ਕੁਮਾਰ ਪੁਤਰਾਨ ਸੂਰਜ ਪ੍ਰਕਾਸ਼ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ, ਸੰਜੈ ਸ਼ਰਮਾ ਉਰਫ਼ ਲੰਬੂ ਫੌਜੀ ਪੁੱਤਰ ਮਥੁਰਾ ਸ਼ਰਮਾ ਵਾਸੀ ਬਿਰਮੂ ਝਾਰਖੰਡ ਹਾਲ ਮੰਡੀ ਗੋਬਿੰਦਗੜ੍ਹ, ਰਵੀ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਖੰਨਾ, ਰਾਹੁਲ ਕੁਮਾਰ ਪੁੱਤਰ ਹਰੀ ਰਾਜ ਪਿੰਡ ਚੂਹੜ ਵਾਲਾ ਯੂਪੀ ਹਾਲ ਮੰਡੀ ਗੋਬਿੰਦਗੜ੍ਹ, ਬਿੱਟੂ ਵਾਸੀ ਖੰਨਾ ਤੇ ਮਨੀਸ਼ ਵਾਸੀ ਮੰਡੀ ਗੋਬਿੰਦਗੜ੍ਹ ਸ਼ਾਮਲ ਹਨ ਜਿਨ੍ਹਾਂ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਧਾਰਾ 382,342,365,473,379, 411,148, 149,34 ਆਈਪੀਸੀ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਸ਼ਹਿਰਾਂ ਵਿੱਚ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ 8-9 ਜੂਨ ਦੀ ਦਰਮਿਆਨੀ ਰਾਤ ਨੂੰ ਸੁਨਾਮ-ਭਵਾਨੀਗੜ੍ਹ ਮਾਰਗ ਉਪਰ ਮਹਿਲਾਂ ਟੌਲ ਪਲਾਜ਼ਾ ਨਜ਼ਦੀਕ ਸਕਰੈਪ ਨਾਲ ਭਰਿਆ ਇਕ ਟਰੱਕ ਰੋਕ ਕੇ ਉਸਦੇ ਡਰਾਈਵਰ ਨੂੰ ਜਬਰਦਸਤੀ ਉਤਾਰ ਕੇ ਕੁੱਟਮਾਰ ਕੀਤੀ ਅਤੇ ਉਸ ਦੀਆਂ ਲੱਤਾ ਬਾਹਾਂ ਬੰਨ੍ਹ ਕੇ ਮੂੰਹ ’ਤੇ ਟੇਪ ਲਗਾ ਕੇ ਇਕ ਮੋਟਰ ’ਤੇ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਸ ਟਰੱਕ ਨੂੰ ਕਥਿਤ ਜਾਅਲੀ ਨੰਬਰ ਪੀਬੀ48ਐਫ-8191 ਲਗਾ ਕੇ ਕਥਿਤ ਦੋਸ਼ੀਆਂ ਵਿੱਚੋਂ ਦੋ ਦੋਸ਼ੀ ਮੁਗਲਮਾਜਰਾ ਮੰਡੀ ਗੋਬਿੰਦਗੜ੍ਹ ਵੇਚਣ ਆ ਗਏ ਜਿਥੇ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।
ਨਾਜਾਇਜ਼ ਸ਼ਰਾਬ ਸਣੇ ਦੋ ਵਿਅਕਤੀ ਗ੍ਰਿਫ਼ਤਾਰ
ਪੰਚਕੂਲਾ (ਪੱਤਰ ਪ੍ਰੇਰਕ) ਕਾਲਕਾ ਪੁਲੀਸ ਨੇ ਲੋਅਰ ਕੁਰਾੜੀ ਮੁਹੱਲੇ ਵਿੱਚ ਇੱਕ ਕਬਾੜੀ ਦੀ ਦੁਕਾਨ ਤੋਂ 39 ਪੇਟੀਆਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਉਥੇ ਹੀ ਦੋ ਲੋਕਾਂ ਨੂੰ ਪਰੇਡ ਮੁਹੱਲਾ ਵਾਸੀ ਸੁਨੀਲ ਕੁਮਾਰ ਅਤੇ ਖਟੀਕ ਮੁਹੱਲਾ ਵਾਸੀ ਨਮਨ ਸੋਨਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਲਕਾ ਦੇ ਐੱਸਐੱਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਕਾਲਕਾ ਦੇ ਲੋਅਰ ਕੁਰਾੜੀ ਮੁਹੱਲਾ ਵਿੱਚ ਇੱਕ ਕਬਾੜੀ ਦੀ ਦੁਕਾਨ ’ਚ ਸ਼ਰਾਬ ਵਿਕ ਰਹੀ ਹੈ। ਇਸ ਤੋਂ ਬਾਅਦ ਐਕਸਾਈਜ਼ ਵਿਭਾਗ ਤੇ ਥਾਣਾ ਕਾਲਕਾ ਦੀ ਟੀਮ ਨੇ ਕਬਾੜ ਦੀ ਦੁਕਾਨ ਉੱਤੇ ਛਾਪਾ ਮਾਰ ਕੇ ਉੱਥੋਂ ਸ਼ਰਾਬ ਬਰਾਬਦ ਕੀਤੀ। ਦੋਨੋਂ ਮੁਲਜ਼ਮਾਂ ਨੂੰ ਪੁਲੀਸ ਨੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਦੋਨੋਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।