ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਫਰਵਰੀ
ਪੁਲੀਸ ਨੇ ਜਾਅਲੀ ਡਿਗਰੀਆਂ ਤਿਆਰ ਕਰ ਕੇ ਵਿਦਿਆਰਥੀਆਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਅੱਜ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ’ਤੇ ਮੁਹਾਲੀ ਦੀ ਐੱਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਜ਼ੀਰਕਪੁਰ ਡਿਵੀਜ਼ਨ ਦੇ ਡੀਐੱਸਪੀ ਅਮਰੋਜ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਗਰੋਹ ਦੇ ਮੁਖੀ ਨਿਰਮਲ ਸਿੰਘ ਨਿੰਮਾ ਵਾਸੀ ਪਿੰਡ ਕਰਤਾਰਪੁਰ, ਥਾਣਾ ਮੁੱਲਾਂਪੁਰ ਗਰੀਬਦਾਸ (ਮੁਹਾਲੀ) ਸਮੇਤ ਉਸ ਦੇ ਸਾਥੀ ਵਿਸ਼ਨੂੰ ਸ਼ਰਮਾ ਵਾਸੀ ਹਾਈਟ ਕਲੋਨੀ, ਮਥੁਰਾ (ਯੂਪੀ), ਸੁਸ਼ਾਂਤ ਤਿਆਗੀ ਵਾਸੀ ਵੀਰ ਫਾਊਂਡੇਸ਼ਨ (ਮੇਰਠ), ਆਨੰਦ ਵਿਕਰਮ ਸਿੰਘ ਵਾਸੀ ਵਿਸ਼ਾਲੀ, ਗਾਜ਼ੀਆਬਾਦ (ਯੂਪੀ) ਅਤੇ ਅੰਕਿਤ ਅਰੋੜਾ ਉਰਫ਼ ਗੋਰੀਆਂ ਵਾਸੀ ਪਿੰਡ ਫਤਹਿਪੁਰ ਸਿਆਲਬਾ (ਮੁਹਾਲੀ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ਵਿੱਚ ਜਾਅਲੀ ਡਿਗਰੀਆਂ, ਸਰਟੀਫਿਕੇਟ ਅਤੇ ਲੈਪਟਾਪ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਹੋਲੋਗਰਾਮ, ਜਾਅਲੀ ਮੋਹਰਾਂ, ਸਟੇਸ਼ਨਰੀ, ਪ੍ਰਿੰਟਰ ਅਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਐੱਸਪੀ ਨੇ ਦੱਸਿਆ ਕਿ ਜ਼ੀਰਕਪੁਰ ਥਾਣੇ ਦੇ ਮੁਖੀ ਓਂਕਾਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਮਲ ਸਿੰਘ ਨਿੰਮਾ ਵਿਦਿਆਰਥੀਆਂ ਨੂੰ ਭਰੋਸੇ ਵਿੱਚ ਲੈ ਕੇ ਉਨ੍ਹਾਂ ਕੋਲੋਂ ਆਈਡੀ ਪਰੂਫ ਅਤੇ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਉੱਚ ਸਿੱਖਿਆ ਦੇ ਸਰਟੀਫਿਕੇਟ ਅਤੇ ਡਿਗਰੀਆਂ ਮੁਹੱਈਆ ਕਰਵਾਉਂਦਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਗਰੋਹ ਦੇ ਮੈਂਬਰ ਵਿਦਿਆਰਥੀਆਂ ਨੂੰ ਗਰੈਜੂਏਸ਼ਨ, ਪੋਸਟਗਰੈਜੂਏਸ਼ਨ, ਡਿਪਲੋਮਾ ਕੋਰਸਾਂ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਦਿੰਦੇ ਹਨ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਨ੍ਹਾਂ ਨੇ ਦੇਸ਼ ਵਿੱਚ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਸੈਂਟਰ ਖੋਲ੍ਹੇ ਹੋਏ ਹਨ ਜਿੱਥੇ ਉਹ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਵੈਬਸਾਈਟਾਂ ਨੂੰ ਹੈਕ ਕਰ ਲੈਂਦੇ ਹਨ ਅਤੇ ਉਨ੍ਹਾਂ ਦੇ ਡਾਟਾ ਚਾਰਟ ਨੂੰ ਬਰੇਕ ਕਰਕੇ ਉਨ੍ਹਾਂ ਵਿੱਚ ਆਪਣੀ ਮਰਜ਼ੀ ਨਾਲ ਵਿਦਿਆਰਥੀਆਂ ਦੇ ਨਾਮ ਅਤੇ ਪਤੇ ਫੀਡ ਕਰ ਦਿੰਦੇ ਹਨ। ਵਿਦਿਆਰਥੀਆਂ ਦੇ ਸਰਟੀਫਿਕੇਟ ਆਪਣੇ ਦਫ਼ਤਰ ਵਿੱਚ ਬੈਠ ਕੇ ਖ਼ੁਦ ਆਪਣੇ ਪ੍ਰਿੰਟਰ, ਸਕੈਨਰ ਨਾਲ ਤਿਆਰ ਕੀਤੀਆਂ ਜਾਅਲੀ ਮੋਹਰਾਂ ਲਗਾ ਕੇ ਉਨ੍ਹਾਂ ਨੂੰ ਡਾਕ ਰਾਹੀਂ ਭੇਜ ਦਿੰਦੇ ਹਨ।
ਵਿਦਿਆਰਥੀਆਂ ਤੋਂ ਮੋਟੀਆਂ ਰਕਮਾਂ ਵਸੂਲਣ ਦਾ ਦੋਸ਼
ਐੱਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਜਾਅਲੀ ਡਿਗਰੀਆਂ ਦੇਣ ਬਦਲੇ ਮੋਟੀਆਂ ਰਕਮਾਂ ਹਾਸਲ ਕਰਕੇ ਆਪਸ ਵਿੱਚ ਵੰਡ ਲੈਂਦੇ ਹਨ। ਇਨ੍ਹਾਂ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਖ਼ੁਦ ਤਿਆਰ ਕੀਤੀਆਂ ਜਾਅਲੀ ਡਿਗਰੀਆਂ, ਪ੍ਰਿੰਟਰ, ਸਕੈਨਰ, ਲੈਮੀਨੇਸ਼ਨ ਮਸ਼ੀਨ, ਯੂਨੀਵਰਸਿਟੀ ਦੀਆਂ ਜਾਅਲੀ ਮੋਹਰਾਂ, ਡਿਗਰੀਆਂ ਉੱਪਰ ਲੱਗਣ ਵਾਲੇ ਹੋਲੋਗ੍ਰਾਮ (ਸਟਿੱਕਰ), ਡਿਗਰੀਆਂ ਦੇ ਖਾਲੀ ਸਰਟੀਫਿਕੇਟ, ਸਰਟੀਫਿਕੇਟ ਨੂੰ ਤਿਆਰ ਕਰਨ ਵਾਲੇ ਪੇਪਰ, ਸਿਆਹੀ, ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ।