ਮੁੱਖ ਅੰਸ਼
- ਘਰੇਲੂ ਗੈਸ ਸਿਲੰਡਰ ’ਚੋਂ ਕਮਰਸ਼ੀਅਲ ਸਿਲੰਡਰਾਂ ’ਚ ਭਰੀ ਜਾ ਰਹੀ ਸੀ ਗੈਸ
- ਜ਼ਖ਼ਮੀ ਦੁਕਾਨਦਾਰ ਦੀ ਹਾਲਤ ਨਾਜ਼ੁਕ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਫਰਵਰੀ
ਨਜ਼ਦੀਕੀ ਪਿੰਡ ਲਖਨੌਰ ਵਿੱਚ ਸੜਕ ਕਿਨਾਰੇ ਸਥਿਤ ਮਾਰਕੀਟ ਵਿੱਚ ਭਾਂਡਿਆਂ ਦੀ ਦੁਕਾਨ ’ਤੇ ਅੱਜ ਦੋ ਛੋਟੇ ਸਿਲੰਡਰ ਫੱਟ ਗਏ ਜਿਸ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਰੇਲੂ ਗੈਸ ਸਿਲੰਡਰ ’ਚੋਂ ਕਮਰਸ਼ੀਅਲ ਸਿਲੰਡਰਾਂ ਵਿੱਚ ਗੈਸ ਭਰਨ ਵੇਲੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੁਕਾਨ ਦਾ ਮਾਲਕ ਸਾਕੀ ਆਲਮ ਅਤੇ ਕਾਲਾ ਢਾਬੇ ’ਤੇ ਕੰਮ ਕਰਨ ਵਾਲਾ ਮੁਲਾਜ਼ਮ ਰਾਮੂ ਬੂਰੀ ਤਰ੍ਹਾਂ ਝੁਲਸੇ ਗਏ। ਸਰਕਾਰੀ ਹਸਪਤਾਲ ਵਿੱਚ ਦਰਦ ਨਾਲ ਤੜਫ਼ ਰਿਹਾ ਦੁਕਾਨਦਾਰ ਸਾਕੀ ਆਲਮ ਵਾਰ-ਵਾਰ ਅੱਲਾ ਨੂੰ ਪੁਕਾਰਦੇ ਹੋਏ ਰਹਿਮ ਦੀ ਅਪੀਲ ਕਰ ਰਿਹਾ ਸੀ।
ਘਟਨਾ ਬਾਰੇ ਸੂਚਨਾ ਮਿਲਦੇ ਹੀ ਪੀਸੀਆਰ ਡਿਊਟੀ ’ਤੇ ਤਾਇਨਾਤ ਹੌਲਦਾਰ ਸੁਰੇਸ਼ ਕੁਮਾਰ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਤੁਰੰਤ ਸੋਹਾਣਾ ਥਾਣੇ ਨੂੰ ਇਤਲਾਹ ਦਿੱਤੀ। ਇਸ ਮਗਰੋਂ ਥਾਣਾ ਮੁਖੀ ਇੰਸਪੈਕਟਰ ਭਗਵੰਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਦੁਕਾਨ ’ਚੋਂ ਕਮਰਸ਼ੀਅਲ ਸਿਲੰਡਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਕੀ ਆਲਮ ਕਰੀਬ ਦੋ ਕੁ ਮਹੀਨੇ ਪਹਿਲਾਂ ਹੀ ਇੱਥੇ ਕੰਮ ਕਰਨ ਲੱਗਾ ਸੀ। ਉਹ ਭਾਂਡੇ ਵੇਚਣ ਦੇ ਨਾਲ-ਨਾਲ ਘਰੇਲੂ ਗੈਸ ਸਿਲੰਡਰਾਂ ’ਚੋਂ ਕਥਿਤ ਤੌਰ ’ਤੇ ਕਮਰਸ਼ੀਅਲ ਸਿਲੰਡਰਾਂ ਵਿੱਚ ਗੈਸ ਭਰ ਕੇ ਉਨ੍ਹਾਂ ਦੀ ਆਨਡਿਮਾਂਡ ਸਪਲਾਈ ਕਰਦਾ ਸੀ। ਅੱਜ ਬਾਅਦ ਦੁਪਹਿਰ ਵੀ ਉਹ ਅਜਿਹਾ ਹੀ ਕਰ ਰਿਹਾ ਸੀ ਕਿ ਅਚਾਨਕ ਦੋ ਗੈਸ ਸਿਲੰਡਰ ਫਟ ਗਏ। ਇਹ ਹਾਦਸਾ ਗੈਸ ਲੀਕ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਸਾਕੀ ਆਲਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਫ਼ਤਾ ਕੁ ਪਹਿਲਾਂ ਹੀ ਪੁਲੀਸ ਨੇ ਦੁਕਾਨਦਾਰ ਨੂੰ ਤਾੜਨਾ ਕੀਤੀ ਗਈ ਸੀ ਕਿ ਉਹ ਗੈਸ ਭਰਨ ਦਾ ਗੈਰਕਾਨੂੰਨੀ ਕੰਮ ਬੰਦ ਕਰ ਦੇਵੇ ਨਹੀਂ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਨਹੀਂ ਲਏ ਜਾ ਸਕੇ ਬਿਆਨ: ਸੋਹਾਣਾ ਥਾਣਾ ਦੇ ਮੁਖੀ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਜਾਂਚ ਤੋਂ ਬਾਅਦ ਪੀੜਤਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਕਮਰਸ਼ੀਅਲ ਸਿਲੰਡਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।