ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਫਰਵਰੀ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਇੱਥੋਂ ਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੇ ਵਸਨੀਕਾਂ ਕੋਲੋਂ 2017 ਤੋਂ ਪੀਣ ਵਾਲੇ ਪਾਣੀ ਦੇ ਬਿੱਲਾਂ ਦੀ ਕਈ ਗੁਣਾ ਵੱਧ ਵਸੂਲੀ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਅਧਿਕਾਰੀਆਂ ਨੂੰ 17 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਸ਼ਹਿਰ ਦੇ ਸਾਬਕਾ ਕੌਂਸਲਰਾਂ ਨੇ ਸਤਵੀਰ ਸਿੰਘ ਧਨੋਆ, ਬੌਬੀ ਕੰਬੋਜ, ਸੁਰਿੰਦਰ ਸਿੰਘ ਰੋਡਾ ਤੇ ਹੋਰਨਾਂ ਨੇ ਅਦਾਲਤ ਵਿੱਚ ਨਵੇਂ ਸਿਰਿਓਂ ਪਟੀਸ਼ਨ ਦਾਇਰ ਕਰਕੇ ਗਮਾਡਾ ਵੱਲੋਂ ਉਕਤ ਸੈਕਟਰਾਂ ਦੇ ਵਸਨੀਕਾਂ ਕੋਲੋਂ ਪਾਣੀ ਦੇ ਬਿੱਲਾਂ ਦੇ ਇਵਜ਼ ਵਿੱਚ ਵਸੂਲੀ ਗਈ ਵਾਧੂ ਰਾਸ਼ੀ ਵਾਪਸ ਕਰਨ ਜਾਂ ਉਨ੍ਹਾਂ ਪੈਸਿਆਂ ਨੂੰ ਆਉਣ ਵਾਲੇ ਬਿੱਲਾਂ ਵਿੱਚ ਅਡਜਸਟ ਕਰਵਾਉਣ ਦੀ ਬੇਨਤੀ ਕੀਤੀ ਹੈ। ਹਾਲਾਂਕਿ ਉਕਤ ਸੈਕਟਰਾਂ ਵਿੱਚ ਪਾਣੀ ਦੇ ਰੇਟ ਬੀਤੀ 1 ਜਨਵਰੀ 1 ਤੋਂ ਸ਼ਹਿਰ ਦੇ ਬਾਕੀ ਹਿੱਸੇ ਵਾਂਗ 1.80 ਪ੍ਰਤੀ ਕਿਊਬਿਕ ਲਿਟਰ ਹੋ ਗਿਆ ਹੈ ਪ੍ਰੰਤੂ ਲੋਕਾਂ ਤੋਂ ਤਿੰਨ ਸਾਲਾਂ ਵਿੱਚ ਵਸੂਲੇ ਗਏ ਵਾਧੂ ਪੈਸੇ ਵਿਆਜ ਸਮੇਤ ਵਾਪਸ ਮੋੜਨ ਦੀ ਮੰਗ ਕੀਤੀ ਗਈ ਹੈ।