ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਸਤੰਬਰ
ਨਗਰ ਨਿਗਮ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਲਗਪਗ ਸਾਢੇ ਪੰਜ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ। ਮੇਅਰ ਸਬਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਮਤਿਆਂ ਅਨੁਸਾਰ ਅਨੁਮਾਨਤ ਖਰਚਿਆਂ ਨੂੰ ਚਰਚਾ ਕਰਨ ਤੋਂ ਬਾਅਦ ਪ੍ਰਵਾਨਗੀ ਦਿੱਤੀ। ਇਸ ਤੋਂ ਇਲਾਵਾ ਨਗਰ ਨਿਗਮ ਦੇ ਵਿੱਤੀ ਮਾਮਲਿਆਂ ਨਾਲ ਸਬੰਧਤ ਹੋਰ ਮਸਲਿਆਂ ’ਤੇ ਵੀ ਚਰਚਾ ਕਰਕੇ ਉਨ੍ਹਾਂ ਨੂੰ ਹਰੀ ਝੰਡੀ ਦਿੱਤੀ ਗਈ।
ਮੀਟਿੰਗ ਦੌਰਾਨ ਪਾਸ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਮੁੱਖ ਤੌਰ ’ਤੇ ਸੈਕਟਰ 45-ਏ ਨੇੜੇ ਸੀਵਰ ਲਾਈਨ ਵਿਛਾਉਣ ਲਈ 13.85 ਲੱਖ ਰੁਪਏ, ਸੈਕਟਰ-47 ਦੇ ਪਾਰਕਾਂ ਦੇ ਵਿਕਾਸ ਕਾਰਜਾਂ ਲਈ 27.47 ਲੱਖ ਰੁਪਏ, ਸੈਕਟਰ 27-ਸੀ ਦੇ ਪਾਰਕਾਂ ਦੇ ਵਿਕਾਸ ਲਈ 21.71 ਲੱਖ ਰੁਪਏ, ਪਿੰਡ ਡੱਡੂਮਾਜਰਾ ਵਿੱਚ ਸਟ੍ਰੀਟ ਲਾਈਟ ਲਗਵਾਉਣ ਲਈ 5.02 ਲੱਖ ਰੁਪਏ, ਸੈਕਟਰ 52 ਅਤੇ 61 ਦੀ ਵੀ-3 ਡਿਵਾਈਡਿੰਗ ਰੋਡ ’ਤੇ ਬਰਸਾਤੀ ਪਾਣੀ ਦੇ ਸੁਚਾਰੂ ਨਿਕਾਸ ਲਈ 26.87 ਲੱਖ ਰੁਪਏ, ਸੈਕਟਰ 32-ਏ ਅਤੇ ਬੀ ਵਿੱਚ ਵੀ-5 ਰੋਡ ਤੇ ਫੁੱਟਪਾਥ ਉੱਤੇ ਪੀਸੀਸੀ ਟਾਈਲਾਂ ਲਈ 23.73 ਲੱਖ ਰੁਪਏ, ਸੈਕਟਰ 45 ਅਤੇ 46 ਦੇ ਵੱਖ ਵੱਖ ਪਾਰਕਾਂ ਦੇ ਵਿਕਾਸ ਕਾਰਜਾਂ ਲਈ 40.02 ਲੱਖ ਰੁਪਏ, ਪਿੰਡ ਮੌਲੀ ਜਗਰਾਂ ਵਿੱਚ ਟਿਊਬਵੈੱਲ ਨੰਬਰ 5 ਦੀ ਬੋਰਿੰਗ ਅਤੇ ਸਥਾਪਨਾ ਲਈ 35.33 ਲੱਖ ਰੁਪਏ, ਪਿੰਡ ਬੁੜੈਲ ਵਿਖੇ ਸਟ੍ਰੌਮ ਵਾਟਰ ਡਿਸਪੋਜ਼ਲ ਲਈ 34.06 ਲੱਖ ਰੁਪਏ, ਸੈਕਟਰ 45-ਸੀ ਤੇ ਡੀ ਦੇ ਪਾਰਕਾਂ ਦੇ ਆਲੇ-ਦੁਆਲੇ ਮੌਜੂਦਾ ਪੇਵਰ ਬਲਾਕਾਂ ਦੀ ਮੁਰੰਮਤ ਲਈ 47.55 ਲੱਖ ਰੁਪਏ, ਕਮਿਊਨਿਟੀ ਸੈਂਟਰ ਵਿਕਾਸ ਨਗਰ ਮੌਲੀ ਜਗਰਾਂ ਦੀ ਵਿਸ਼ੇਸ਼ ਮੁਰੰਮਤ ਲਈ 30.23 ਲੱਖ ਰੁਪਏ, ਪਿੰਡ ਡੱਡੂਮਾਜਰਾ ਦੇ ਛੱਪੜ ਦੇ ਪੁਨਰ-ਨਿਰਮਾਣ ਲਈ 34.97 ਲੱਖ ਰੁਪਏ, ਸੈਕਟਰ-41 ਦੀ ਹਰੀ ਪੱਟੀ (ਪਾਰਕ) ਵਿੱਚ ਓਪਨ ਏਅਰ ਜਿਮਨਾਸਟ ਸਾਜ਼ੋ-ਸਾਮਾਨ ਦੀ ਵਿਵਸਥਾ ਲਈ 6.32 ਲੱਖ ਰੁਪਏ ਅਤੇ ਸੈਕਟਰ-46 ਦੇ ਕਮਿਊਨਿਟੀ ਸੈਂਟਰ ਦੀ ਮੁਰੰਮਤ ਲਈ 23.27 ਲੱਖ ਰੁਪਏ ਦੇ ਅਨੁਮਾਨਤ ਖ਼ਰਚੇ ਨੂੰ ਹਰੀ ਝੰਡੀ ਦਿੱਤੀ ਗਈ।
ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਮਹੇਸ਼ ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਜਸਬੀਰ ਸਿੰਘ, ਤਰੁਣਾ ਮਹਿਤਾ, ਗੁਰਬਖਸ਼ ਕੌਰ ਰਾਵਤ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।