ਮੁਕੇਸ਼ ਕੁਮਾਰ
ਚੰਡੀਗੜ੍ਹ, 13 ਨਵੰਬਰ
ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅੱਜ ਇਥੇ ਮਨੀਮਾਜਰਾ ਵਿੱਚ ਚੌਵੀ ਘੰਟੇ ਪਾਣੀ ਦੀ ਜਲ ਸਪਲਾਈ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਨੀਮਾਜਰਾ ਦੇ ਨਾਗਰਿਕਾਂ ਨੂੰ ਇਸ ਪ੍ਰਾਜੈਕਟ ਦਾ ਕਾਫੀ ਲਾਭ ਮਿਲੇਗਾ ਅਤੇ ਜਲ ਸਪਲਾਈ ਪ੍ਰਣਾਲੀ ਦੇ ਨਾਲ ਪਾਣੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੇ ਹਰ ਸੈਕਟਰ ਵਿੱਚ ਨਾਗਰਿਕ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬੁਨਿਆਦੀ ਸੁਧਾਰਾਂ ਲਈ ਕਦਮ ਚੁੱਕੇ ਜਾ ਰਹੇ ਹਨ।
ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਦਿੱਤੀ। ਉਦਘਾਟਨ ਸਮਾਗਮ ਵਿੱਚ ਮੁੰਬਈ ਤੋਂ ਵਰਚੂਅਲ ਪ੍ਰਣਾਲੀ ਰਾਹੀਂ ਸੰਬੋਧਨ ਕਰਦਿਆਂ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਵੱਲੋਂ ਉਨ੍ਹਾਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰਕੇ ਲੋਕਾਂ ਦੀਆਂ ਉਮੀਦਾਂ ਨਾਲ ਇਨਸਾਫ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨੀਮਾਜਰਾ ਵਿੱਚ ਸ਼ੁਰੂ ਕੀਤੇ ਗਏ ਇਸ ਪਾਇਲਟ ਪ੍ਰਾਜੈਕਟ ਨਾਲ ਸ਼ਹਿਰ ਵਾਸੀਆਂ ਦੀ ਪੁਰਾਣੀ ਮੰਗ ਪੂਰੀ ਹੋ ਜਾਵੇਗੀ।
ਇਸ ਮੌਕੇ ਹਾਜ਼ਰ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਕਿਹਾ ਕਿ ਪ੍ਰਾਜੈਕਟ ਦਾ ਮੁੱਖ ਟੀਚਾ ਮਨੀਮਾਜਰਾ ਵਾਸੀਆਂ ਨੂੰ 24 ਘੰਟੇ ਲਗਾਤਾਰ ਜਲ ਸਪਲਾਈ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ 4 ਮਿਲੀਅਨ ਗੈਲਨ ਵਾਧੂ ਸਟੋਰੇਜ, 13700 ਸਮਾਰਟ ਮੀਟਰ, 20 ਕਿਲੋਮੀਟਰ ਨਵੀਆਂ ਲਾਈਨਾਂ, ਸਕਾਡਾ ਰਾਹੀਂ ਸਿਸਟਮ ਦੀ ਆਟੋਮੇਟਿਡ ਨਿਗਰਾਨੀ ਸਮੇਤ ਨਵੇਂ ਵਾਟਰ ਵਰਕਸ ਸ਼ਾਮਲ ਕੀਤੇ ਜਾਣਗੇ।
ਇਸ ਮੌਕੇ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਨਿਤਿਨ ਯਾਦਵ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਨਗਰ ਨਿਗਮ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਲਿਮਿਟਿਡ ਦੇ ਸੀਈਓ ਅਨਿੰਦਿਤਾ ਮਿੱਤਰਾ, ਇਲਾਕਾ ਕੌਂਸਲਰ ਜਗਤਾਰ ਸਿੰਘ ਜੱਗਾ ਆਦਿ ਮੌਜੂਦ ਸਨ।
ਅਗਸਤ 2023 ਵਿੱਚ ਮੁਕੰਮਲ ਹੋਵੇਗਾ ਪ੍ਰਾਜੈਕਟ
ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਅਗਸਤ 2023 ਤੱਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੁਆਰਾ ਚਲਾਏ ਜਾ ਰਹੇ ਹੋਰ ਪ੍ਰਮੁੱਖ ਪ੍ਰਾਜੈਕਟਾਂ ਜਿਵੇਂ ਕਿ ‘ਆਈਐਮ ਚੰਡੀਗੜ੍ਹ’ (ਮੈਂ ਚੰਡੀਗੜ੍ਹ)’ ਐਪ, ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਅਤੇ ਪਬਲਿਕ ਬਾਈਕ ਸ਼ੇਅਰਿੰਗ (ਪੀਬੀਐੱਸ) ਸਿਸਟਮ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਥੇ ਮਨੀਮਾਜਰਾ ਵਿੱਚ 162 ਕਰੋੜ ਰੁਪਏ ਵਿੱਚ ਚੌਵੀ ਘੰਟੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ 15 ਸਾਲਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੀ ਲਾਗਤ ਸ਼ਾਮਲ ਹੈ।