ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਜਨਵਰੀ
ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਡਾਇਰੈਕਟੋਰੇਟ ਵੱਲੋਂ ਐਤਵਾਰ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਅਤੇ ਸਾਇੰਸ ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ।
ਇਸ ਦੌਰਾਨ ਕਈ ਥਾਵਾਂ ’ਤੇ ਅਸਲ ਉਮੀਦਵਾਰ ਦੀ ਥਾਂ ਕਿਸੇ ਹੋਰ ਵਿਅਕਤੀ ਵੱਲੋਂ ਪ੍ਰੀਖਿਆ ਵਿੱਚ ਸ਼ਾਮਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਪ੍ਰੀਖਿਆ ਪ੍ਰਬੰਧਾਂ ਅਤੇ ਸਮੁੱਚੇ ਅਮਲ ਦਾ ਨਿਰੀਖਣ ਕੀਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਉਮੀਦਵਾਰਾਂ ਅਤੇ ਉਨ੍ਹਾਂ ਦੀ ਥਾਂ ਪੇਪਰ ਦੇਣ ਪਹੁੰਚੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਭਰਤੀ ਬੋਰਡ ਦੇ ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਸਾਇੰਸ ਮਾਸਟਰ ਕਾਡਰ ਭਰਤੀ ਪ੍ਰੀਖਿਆ ਵਿੱਚ 8168 ਉਮੀਦਵਾਰ ਅਪੀਅਰ ਹੋਏ ਜੋ ਕੁੱਲ ਅਪਲਾਈ ਕਰਨ ਵਾਲਿਆਂ ਦਾ 87.5 ਫੀਸਦੀ ਹੈ।