ਬਨੂੜ (ਕਰਮਜੀਤ ਸਿੰਘ ਚਿੱਲਾ): ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਅਗਨਵੀਰ ਬਣਾਉਣ ਲਈ ਐਲਾਨੀ ਗਈ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਅੱਜ ਬਨੂੜ ਦੇ ਬੰਨੋ ਮਾਈ ਚੌਕ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਸਾਬਕਾ ਫੌਜੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਉਨ੍ਹਾਂ ਨੌਜਵਾਨਾਂ ਦੀ ਫੌਜ ਵਿੱਚ ਪੂਰੇ ਸਮੇਂ ਲਈ ਭਰਤੀ ਦੀ ਮੰਗ ਕਰਦਿਆਂ ਐਲਾਨੀ ਗਈ ਯੋਜਨਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ, ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ, ਚੜੂਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਹੈਪੀ ਹਸਨਪੁਰ, ਲੱਖੀ ਕਰਾਲਾ, ਗੁਰਪ੍ਰੀਤ ਸਿੰਘ ਸੇਖਣਮਾਜਰਾ ਤੇ ਗੁਰਵਿੰਦਰ ਸਿੰਘ ਸਿਆਊ, ਸਾਬਕਾ ਫੌਜੀਆਂ ਦੀ ਐਸੋਸੀਏਸ਼ਨ ਦੇ ਆਗੂ ਪ੍ਰੇਮ ਸਿੰਘ ਬਨੂੜ ਦੀ ਅਗਵਾਈ ਹੇਠ ਕਿਸਾਨਾਂ ਅਤੇ ਸਾਬਕਾ ਫੌਜੀਆਂ ਨੇ ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ ਤੇ ਉਹ ਚਾਰ ਸਾਲਾਂ ਬਾਅਦ ਬੇਰੁਜ਼ਗਾਰ ਬਣ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਫੌਜੀਆਂ ਨੂੰ ਪੈਨਸ਼ਨ ਦੇਣ ਦੀ ਸਹੂਲਤ ਤੋਂ ਭੱਜਣ ਲਈ ਅਜਿਹੀਆਂ ਯੋਜਨਾਵਾਂ ਉਲੀਕ ਰਹੀ ਹੈ। ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੇਸ਼ ਦੇ ਵਸਨੀਕਾਂ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਨੂੰ ਵਾਪਸ ਨਾ ਲਿਆ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਮਘਾਉਣ ਤੋਂ ਗੁਰੇਜ਼ ਨਹੀਂ ਕਰਨਗੀਆਂ। ਅਗਨੀਪਥ ਦੇ ਵਿਰੋਧ ਵਿੱਚ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਬਨੂੜ ਖੇਤਰ ਵਿੱਚ ਕੋਈ ਹੁੰਗਾਰਾ ਨਹੀਂ ਮਿਲਿਆ। ਸਮੁੱਚੇ ਕਾਰੋਬਾਰੀ ਅਦਾਰੇ, ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ ਤੇ ਸੜਕਾਂ ਉੱਤੇ ਵੀ ਰੋਜ਼ਾਨਾ ਵਾਂਗ ਆਵਾਜਾਈ ਚੱਲਦੀ ਰਹੀ।