ਗਵਾਹੀ ਨਾ ਦੇਣ ਲਈ ਪਤਨੀ ’ਤੇ ਪਾ ਰਿਹਾ ਸੀ ਦਬਾਅ; ਮੁਲਜ਼ਮ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਸਤੰਬਰ
ਇੱਥੋਂ ਦੇ ਫੇਜ਼-11 ਸਥਿਤ ਐਲਆਈਜੀ ਬਲਾਕ ਵਿੱਚ ਰਹਿੰਦੇ ਪੰਜਾਬ ਪੁਲੀਸ ਦੇ ਹੌਲਦਾਰ (ਸੇਵਾਮੁਕਤ) ਕਰਤਾਰ ਸਿੰਘ ਨੇ ਆਪਣੀ ਪਤਨੀ ਕੁਲਦੀਪ ਕੌਰ (60) ਦਾ ਕਤਲ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਚਾਰ ਸਾਲ ਪਹਿਲਾਂ ਕਰਤਾਰ ਸਿੰਘ ਨੇ ਆਪਣੇ ਸਾਲੇ ’ਤੇ ਗੋਲੀਆਂ ਚਲਾਈਆਂ ਸਨ। ਉਸ ਖ਼ਿਲਾਫ਼ ਧਾਰਾ 307 ਦਾ ਕੇਸ ਦਰਜ ਹੈ। ਇਸ ਮਾਮਲੇ ਵਿੱਚ ਉਸ ਦੀ ਪਤਨੀ ਕੁਲਦੀਪ ਕੌਰ ਅਹਿਮ ਗਵਾਹ ਸੀ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਵੱਡਾ ਪੁੱਤਰ ਆਸਟਰੇਲੀਆ ਵਿੱਚ ਹੈ ਜਦੋਂਕਿ ਛੋਟਾ ਪੁੱਤਰ ਐੱਸਐੱਸਪੀ ਦਫ਼ਤਰ ਮੁਹਾਲੀ ਵਿੱਚ ਤਾਇਨਾਤ ਹੈ। ਚਾਰ ਸਾਲ ਜੇਲ੍ਹ ’ਚ ਰਹਿਣ ਮਗਰੋਂ ਕਰਤਾਰ ਸਿੰਘ 8 ਕੁ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲੀਸ ਨੇ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਛੋਟੇ ਪੁੱਤਰ ਦੇ ਡਿਊਟੀ ਜਾਣ ਮਗਰੋਂ ਅਪਰਾਧਿਕ ਮਾਮਲੇ ਵਿੱਚ ਗਵਾਹੀ ਨੂੰ ਲੈ ਕੇ ਪਤੀ-ਪਤਨੀ ਵਿੱਚ ਝਗੜਾ ਹੋ ਗਿਆ। ਉਹ ਪਤਨੀ ’ਤੇ ਗਵਾਹੀ ਨਾ ਦੇਣ ਲਈ ਦਬਾਅ ਪਾ ਰਿਹਾ ਸੀ ਜਦੋਂਕਿ ਉਹ ਆਪਣੇ ਬਿਆਨਾਂ ’ਤੇ ਅੜੀ ਹੋਈ ਸੀ। ਹੌਲਦਾਰ ਨੇ ਪਤਨੀ ਦੀ ਕੁੱਟਮਾਰ ਕਰਦਿਆਂ ਉਸ ਦਾ ਸਿਰ ਕਈ ਵਾਰ ਫਰਸ਼ ਨਾਲ ਮਾਰਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਗੁਆਂਢੀਆਂ ਅਨੁਸਾਰ ਉਨ੍ਹਾਂ ਨੇ ਘਰ ਅੰਦਰੋਂ ਚੀਕਾਂ ਸੁਣ ਕੇ ਕਰਤਾਰ ਸਿੰਘ ਦੇ ਛੋਟੇ ਪੁੱਤਰ ਘਟਨਾ ਬਾਰੇ ਜਾਣਕਾਰੀ ਦਿੱਤੀ। ਉਧਰ, ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ। ਦਰਵਾਜ਼ਾ ਤੋੜਿਆ ਤਾਂ ਕੁਲਦੀਪ ਕੌਰ ਦੀ ਲਾਸ਼ ਫਰਸ਼ ’ਤੇ ਪਈ ਸੀ।
ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਨੇ ਕਰਤਾਰ ਸਿੰਘ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਦੇਰ ਸ਼ਾਮ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।