ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਨਵੰਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਈਡਬਲਿਊਐੱਸ ਕੋਟਾ (ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਦਾ ਦਾਖਲਾ) ਸਰਕਾਰੀ ਸਕੂਲਾਂ ਵਿੱਚ ਵੀ ਲਾਗੂ ਕਰਨ ਦੀ ਯੋਜਨਾ ਹੈ। ਵਿਭਾਗ ਵੱਲੋਂ ਇਹ ਕੋਟਾ ਸੈਸ਼ਨ 2024 ਵਿੱਚ ਲਾਗੂ ਕੀਤਾ ਜਾਵੇਗਾ ਜਿਸ ਲਈ ਵਿਭਾਗ ਨੇ ਖਾਕਾ ਤਿਆਰ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਵੇਲੇ ਸਿਰਫ ਨਿੱਜੀ ਸਕੂਲਾਂ ਵਿੱਚ ਹੀ ਇਹ ਕੋਟਾ ਰੱਖਿਆ ਗਿਆ ਹੈ ਜਿਸ ਤਹਿਤ ਹਰ ਜਮਾਤ ਵਿੱਚ 25 ਫੀਸਦੀ ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ। ਵਿਭਾਗ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਈ ਮਾਪੇ ਈਡਬਲਿਊਐੱਸ ਵਰਗ ਲਈ ਨਿੱਜੀ ਸਕੂਲਾਂ ਵਿੱਚ ਦਾਖਲਾ ਪੱਕਾ ਕਰਨ ਦਾ ਦਾਅਵਾ ਕਰਦੇ ਹਨ ਪਰ ਰਾਈਟ ਟੂ ਐਜੂਕੇਸ਼ਨ ਤਹਿਤ ਕਿਸੇ ਖਾਸ ਸਕੂਲ ਵਿੱਚ ਦਾਖਲੇ ਲਈ ਦਾਅਵਾ ਨਹੀਂ ਕੀਤਾ ਜਾ ਸਕਦਾ।
ਇਕ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸਕੂਲਾਂ ਵਿੱਚ ਮਿਲੇਗਾ ਦਾਖਲਾ
ਸਿੱਖਿਆ ਵਿਭਾਗ ਵੱਲੋਂ ਜੋ ਆਨਲਾਈਨ ਪੋਰਟਲ ਬਣਾਇਆ ਜਾਵੇਗਾ, ਉਸ ਤਹਿਤ ਗਰੀਬ ਵਰਗ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਘਰ ਨੇੜਲੇ ਇਕ ਤੋਂ ਤਿੰਨ ਕਿਲੋਮੀਟਰ ਦੇ ਦਾਇਰੇ ਹੇਠ ਆਉਂਦੇ ਸਕੂਲਾਂ ਵਿੱਚ ਦਾਖਲੇ ਕੀਤੇ ਜਾਣਗੇ ਚਾਹੇ ਉਸ ਖੇਤਰ ਵਿੱਚ ਨਿੱਜੀ ਸਕੂਲ ਆਉਂਦੇ ਹੋਣ ਜਾਂ ਸਰਕਾਰੀ। ਇਸ ਵੇਲੇ ਗਰੀਬ ਵਰਗ ਦੇ ਮਾਪਿਆਂ ਦੀ ਇਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸ਼ਹਿਰ ਦੇ ਮੋਹਰੀ ਨਿੱਜੀ ਸਕੂਲਾਂ ਵਿਚ ਕੋਟਾ ਹਾਸਲ ਕਰਨ ਪਰ ਵਿਭਾਗ ਦੀ ਇਸ ਪਹਿਲਕਦਮੀ ਨਾਲ ਮਾਪਿਆਂ ਦੀਆਂ ਇੱਛਾਵਾਂ ਸੀਮਤ ਹੋ ਜਾਣਗੀਆਂ ਕਿਉਂਕਿ ਈਡਬਲਿਊਐਸ ਵਰਗ ਲਈ ਇਹ ਮਾਪੇ ਸਰਕਾਰੀ ਸਕੂਲਾਂ ਵੱਲ ਰੁਖ਼ ਨਹੀਂ ਕਰਦੇ।