ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 22 ਜੂਨ
ਪਿੰਡ ਬਦੇਸ਼ ਕਲਾਂ ਵਿੱਚ ਬੀਤੇ ਕੱਲ੍ਹ ਆਪਣੀ ਹੀ ਜ਼ਮੀਨ ‘ਚੋਂ ਬਾਪ ਤੇ ਪੁੱਤ ਨੂੰ ਪੁਲੀਸ ਦੁਆਰਾ ਧੱਕੇ ਨਾਲ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਕਿ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਇਸ ਸਬੰਧੀ ਅੱਜ ਪੀੜਤ ਵਿਅਕਤੀਆਂ ਦੇ ਪਰਿਵਾਰਕ ਮੈਂਬਰ, ਕਿਸਾਨ ਯੂਨੀਅਨ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਐੱਸਡੀਐੱਮ ਦਫ਼ਤਰ ਪਹੁੰਚੇ ਤੇ ਐੱਸਡੀਐੱਮ ਨੂੰ ਪੁਲੀਸ ਦੇ ਖਿਲਾਫ ਦਰਖਾਸਤ ਦਿੱਤੀ। ਐੱਸਡੀਐੱਮ ਪਰਲੀਨ ਕੌਰ ਕਾਲੇਕਾ ਨੇ ਦੱਸਿਆ ਕਿ ਹਰਮੇਲ ਸਿੰਘ ਨਾਮ ਦੇ ਵਿਅਕਤੀ ਨੇ ਪੁਲੀਸ ਖਿਲਾਫ ਉਨ੍ਹਾਂ ਨੂੰ ਦਰਖਾਸਤ ਦਿੱਤੀ ਹੈ ਜਿਸ ਦੀ ਪੜਤਾਲ ਕਰਕੇ ਡੀਐੱਸਪੀ ਖਮਾਣੋਂ ਜਸਪਿੰਦਰ ਸਿੰਘ ਗਿੱਲ ਤੁਰੰਤ ਰਿਪੋਰਟ ਕਰਨਗੇ। ਥਾਣਾ ਖਮਾਣੋਂ ਦੇ ਮੁੱਖ ਅਫਸਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਿਸੇ ਵਿਅਕਤੀ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ ਤੇ ਹਾਈਕੋਰਟ ਦੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।