ਸਰਬਜੀਤ ਸਿੰਘ ਭੱਟੀ
ਲਾਲੜੂ, 26 ਨਵੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦੱਪਰ ਟੌਲ ਪਲਾਜ਼ਾ ’ਤੇ ਕਿਸਾਨ ਸੰਘਰਸ਼ ਦੀ ਪਹਿਲੀ ਵਰ੍ਹੇਗੰਢ ਨੂੰ ਜਿੱਤ ਦੇ ਜਸਨ ਵਜੋਂ ਮਨਾਉਂਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਭੋਗ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸੰਘਰਸ਼ ਦੇ ਸ਼ਹੀਦ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਸਾਰੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨ ਸੰਘਰਸ਼ ਵਿਚ ਸਥਾਨਕ ਪੱਤਰਕਾਰਾਂ, ਇਲਾਕਾ ਵਾਸੀਆਂ ਤੇ ਪ੍ਰਸਾਸ਼ਨ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਕੁਰਾਲੀ (ਮਿਹਰ ਸਿੰਘ ਕੁਰਾਲੀ): ਲੋਕ ਹਿੱਤ ਮਿਸ਼ਨ ਵੱਲੋਂ ਕਿਸਾਨੀ ਸੰਘਰਸ਼ ਦੀ ਵਰ੍ਹੇਗੰਢ ਮੌਕੇ ਟੌਲ ਪਲਾਜ਼ਾ ਬੜੌਦੀ ’ਤੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਸਮੇਰ ਸਿੰਘ ਬਾਠ ਅਤੇ ਮਨਿੰਦਰ ਸਿੰਘ ਪੰਜੋਲਾ ਦੇ ਢਾਡੀ ਜਥੇ ਨੇ ਵਾਰਾਂ ਗਾਈਆਂ। ਇਸ ਦੌਰਾਨ ਕਿਸਾਨ ਆਗੂ ਮੇਹਰ ਸਿੰਘ ਥੇੜੀ, ਸਤਨਾਮ ਸਿੰਘ ਟਾਂਡਾ, ਸਵਰਨ ਸਿੰਘ ਢੰਗਰਾਲੀ ਆਦਿ ਨੇ ਕਿਹਾ ਕਿ ਭਾਵੇਂ ਕੇਂਦਰ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ ਪਰ ਅਜੇ ਲੋਕ ਸਭਾ ਵਿੱਚ ਵਾਪਸੀ ਸਬੰਧੀ ਬਿਲ ਆਉਣ ਅਤੇ ਐਮਐਸਪੀ ਲਾਗੂ ਕਰਨ, ਕਿਸਾਨਾਂ ’ਤੇ ਪਾਏ ਕੇਸ ਖ਼ਤਮ ਕਰਨ ਆਦਿ ਮੰਗਾਂ ਬਾਕੀ ਹਨ। ਇਨ੍ਹਾਂ ਸਾਰੀਆਂ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਅੰਬਾਲਾ (ਰਤਨ ਸਿੰਘ ਢਿੱਲੋਂ): ਸ਼ੰਭੂ ਟੌਲ ਪਲਾਜ਼ਾ ਤੋਂ ਕਿਸਾਨਾਂ ਦਾ ਕਾਫ਼ਲਾ ਦਿੱਲੀ ਬਾਰਡਰ ਲਈ ਰਵਾਨਾ ਹੋਇਆ। ਸਵੇਰੇ 10 ਵਜੇ ਹੀ ਮੌਹੜਾ, ਦੁਖੇੜੀ, ਸ਼ਾਹਪੁਰ ਸਣੇ ਹੋਰ ਪਿੰਡਾਂ ਦੇ ਕਿਸਾਨ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨ ਲੈ ਕੇ ਸ਼ੰਭੂ ਟੌਲ ਪਲਾਜ਼ਾ ’ਤੇ ਇਕੱਤਰ ਹੋਣ ਸ਼ੁਰੂ ਹੋ ਗਏ ਸਨ। ਕਿਸਾਨ ਆਗੂ ਬਜਿੰਦਰ ਸਿੰਘ ਅਤੇ ਗੁਲਾਬ ਸਿੰਘ ਚਾਹਲ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਨਾਲ ਹੀ ਅੰਦੋਲਨ ਖ਼ਤਮ ਨਹੀਂ ਹੋਵੇਗਾ ਬਲਕਿ ਸਰਕਾਰ ਨੂੰ ਕਿਸਾਨਾਂ ਦੀਆਂ ਬਾਕੀ ਮੰਗਾਂ ਵੀ ਮੰਨਣੀਆਂ ਪੈਣਗੀਆਂ। ਕਿਸਾਨ ਆਗੂ ਸੁਖਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ 29 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਇਜਲਾਸ ਦੌਰਾਨ ਕਿਸਾਨਾਂ ਵੱਲੋਂ ਸੰਸਦ ਤੱਕ ਟਰੈਕਟਰ ਮਾਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੰਭੂ ਟੌਲ ਪਲਾਜ਼ਾ ਤੋਂ ਕਿਸਾਨਾਂ ਦਾ ਅਗਲਾ ਕਾਫ਼ਲਾ 29 ਨਵੰਬਰ ਨੂੰ ਦਿੱਲੀ ਬਾਰਡਰ ਲਈ ਕੂਚ ਕਰੇਗਾ।
ਕਿਸਾਨਾਂ ਦੇ ਹੱਕ ਵਿੱਚ ਮੋਮਬੱਤੀ ਮਾਰਚ ਕੱਢਿਆ
ਬਸੀ ਪਠਾਣਾਂ (ਅਜੇ ਮਲਹੋਤਰਾ): ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਕਿਸਾਨੀ ਸੰਘਰਸ ਦੇ ਇੱਕ ਸਾਲ ਪੂਰਾ ਹੋਣ ਮੌਕੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਤੋਂ ਕਿਸਾਨਾਂ ਦੇ ਹੱਕ ਵਿੱਚ ਮੋਮਬੱਤੀ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਅਤੇ ਭੱਵਿਖ ’ਚ ਵੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤ ਦੇਸ਼ ਦਾ ਕਿਸਾਨ ਖ਼ੁਸ਼ਹਾਲ ਨਹੀਂ ਹੁੰਦੇ, ਉਦੋਂ ਤੱਕ ਦੇਸ਼ ਵਿਕਾਸ ਦੇ ਰਾਹ ’ਤੇ ਅੱਗੇ ਨਹੀਂ ਵਧ ਸਕਦਾ। ਮੋਮਬੱਤੀ ਮਾਰਚ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੌਕੇ ਵਿਧਾਇਕ ਜੀਪੀ ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਦੀਆਂ ਬਾਕੀ ਮੰਗਾਂ ’ਤੇ ਸਾਰਥਿਕ ਪਹਿਲਕਦਮੀ ਕਰਦੇ ਹੋਏ ਇਸ ’ਤੇ ਤੁਰੰਤ ਕਾਰਵਾਈ ਕਰ ਕੇ ਐਮਐਸਪੀ ਅਤੇ ਹੋਰ ਮੰਗਾਂ ਮੰਨੇ। ਉਨ੍ਹਾਂ ਕੇਂਦਰ ਸਰਕਾਰ ’ਤੇ ਕਾਰਪੋਰੇਟ ਘਰਾਣਿਆਂ ਦੀ ਹਿਤੈਸ਼ੀ ਹੋਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ 7 ਸਾਲ ਦੇ ਕਾਰਜਕਾਲ ਦੌਰਾਨ ਜ਼ਿਆਦਾ ਫ਼ੈਸਲੇ ਕਾਰਪੋਰਟਾਂ ਦੇ ਵਿਕਾਸ ਲਈ ਕੀਤੇ ਗਏ ਹਨ। ਇਸ ਨਾਲ ਅਮੀਰ ਅਤੇ ਗ਼ਰੀਬ ਦੇ ਵਿਚਕਾਰ ਪਾੜਾ ਅਤੇ ਮਹਿੰਗਾਈ ਵਧ ਰਹੀ ਹੈ।