ਜਗਮੋਹਨ ਸਿੰਘ
ਘਨੌਲੀ/ਰੂਪਨਗਰ, 14 ਅਪਰੈਲ
ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜੇ ਮੌਕੇ ਅੱਜ ਵੱਖ-ਵੱਖ ਥਾਈਂ ਧਾਰਮਿਕ ਸਮਾਗਮ ਕਰਵਾਏ ਗਏ। ਘਨੌਲੀ ਖੇਤਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਘਨੌਲੀ, ਥਲੀ ਖੁਰਦ, ਥਲੀ ਕਲਾਂ, ਥਰਮਲ ਪਲਾਂਟ ਨੂੰਹੋਂ ਕਾਲੋਨੀ, ਦਬੁਰਜੀ, ਨੂੰਹੋਂ, ਲੋਹਗੜ੍ਹ ਫਿੱਡੇ, ਮਕੌੜੀ ਕਲਾਂ, ਰਤਨਪੁਰਾ, ਬਹਾਦਰਪੁਰ, ਲੌਦੀਮਾਜਰਾ, ਗੁਰਦੁਆਰਾ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਵਿਖੇ ਸਮਾਗਮ ਹੋਏ। ਇਸ ਦੌਰਾਨ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਅਖੰਡ ਪਾਠ ਅਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮਗਰੋਂ ਦੀਵਾਨਾਂ ’ਚ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਥਲੀ ਖੁਰਦ ਦੇ ਗੁਰੂਦੁਆਰਾ ਸਾਹਿਬ ਵਿਖੇ ਗਿਆਨੀ ਗੁਰਿੰਦਰ ਸਿੰਘ ਬੈਂਸ ਭਰਤਗੜ੍ਹ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਖਾਲਸਾ ਪੰਥ ਦੀ ਸਿਰਜਣਾ ਦਾ ਬਿਰਤਾਂਤ ਸੁਣਾਇਆ। ਇਸੇ ਦੌਰਾਨ ਬੁੱਧਵਾਰ ਰਾਤ ਘਾੜ ਖੇਤਰ ਦੇ ਪਿੰਡ ਬਿੰਦਰਖ ਦੇ ਗੁਰਦੁਆਰਾ ਤਪ ਅਸਥਾਨ ਬਾਬਾ ਅਮਰਨਾਥ ਵਿਖੇ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਗਾਇਕਾ ਸਤਵਿੰਦਰ ਬਿੱਟੀ ਨੇ ਸ਼ਬਦ ਪੇਸ਼ ਕੀਤੇ ਤੇ ਬਾਬਾ ਪਰਮਪ੍ਰੀਤ ਸਿੰਘ ਨਥਮਲਪੁਰ ਵਾਲੇ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਨੇ ਕੀਰਤਨ ਅਤੇ ਕਥਾਵਾਚਕ ਭਾਈ ਅਵਤਾਰ ਸਿੰਘ ਰੱਤੀ ਟਿੱਬੀ ਵਾਲਿਆਂ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਸ਼ਹਿਰ ਅਤੇ ਪੇਂਡੂ ਖੇਤਰ ਵਿੱਚ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵੱਖ-ਵੱਖ ਗੁਰਦੁਆਰਿਆਂ ’ਚ ਸਮਾਗਮਾਂ ਦੌਰਾਨ ਰਾਗੀ, ਕਥਾ ਵਾਚਕਾਂ, ਢਾਡੀ, ਕਵੀਸ਼ਰੀ ਜਥਿਆਂ ਨੇ ਸ਼ਬਦ ਕੀਰਤਨ, ਢਾਡੀ ਵਾਰਾਂ, ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੰਬ ਸਾਹਿਬ, ਗੁਰਦੁਆਰਾ ਸਾਚਾ ਧਨ ਸਾਹਿਬ ਫੇਜ਼-3ਬੀ1, ਗੁਰਦੁਆਰਾ ਸਾਹਿਬ ਫੇਜ਼-5, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਸਮੇਤ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਧਾਰਮਿਕ ਸਮਾਗਮ ਕੀਤੇ ਗਏ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਚੱਲਿਆ। ਸਮਾਗਮ ਦੌਰਾਨ ਦੌਰਾਨ ਸੈਂਕੜੇ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।
ਫ਼ਤਹਿਗੜ੍ਹ ਸਾਹਿਬ ਹਿਮਾਂਸ਼ੂ ਸੁੂਦ): ਪਿੰਡ ਦਾਦੂਮਾਜਰਾ ਵਿੱਚ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਸਮੂਹ ਨਗਰ ਨਿਵਾਸੀਆਂ ਅਤੇ ਬੈਦਵਾਨ ਪਰਿਵਾਰ ਵੱਲੋਂ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕੇ ਭੋਗ ਪਾਉਣ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ।
ਮੋਰਿੰਡਾ (ਸੰਜੀਵ ਤੇਜਪਾਲ): ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਸਬੰਧੀ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਕੀਰਤਨ ਦਰਬਾਰ ਸਭ ਕਿਛੁ ਤੇਰਾ ਵੈੱਲਫੇਅਰ ਸੁਸਾਇਟੀ ਮੋਰਿੰਡਾ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਭਾਈ ਅਵਿਨਾਸ਼ ਸਿੰਘ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਭਾਈ ਕੁਲਵਿੰਦਰ ਸਿੰਘ ਤੇ ਭਾਈ ਪਰਮਿੰਦਰ ਸਿੰਘ ਤਰਨ ਤਾਰਨ ਵਾਲੇ, ਭਾਈ ਓਮਪ੍ਰੀਤ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲੇ ਅਤੇ ਭਾਈ ਕੁਲਵੰਤ ਸਿੰਘ ਮੋਰਿੰਡਾ ਵਾਲਿਆਂ ਨੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਘਰ ’ਚ ਹਾਜ਼ਰੀ ਲਵਾਈ।
ਖਮਾਣੋਂ (ਜਗਜੀਤ ਕੁਮਾਰ): ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਵਿੱਚ ਵਿਸਾਖੀ ਸਮਾਗਮ ਮੌਕੇ ਵਿਦਿਆਰਥੀਆਂ ਨੇ ਇਸ ਤਿਉਹਾਰ ਨਾਲ ਸਬੰਧਤ ਭਾਸ਼ਣ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਸ਼ਿਸ਼ੂ ਵਾਟਿਕਾ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਨੂੰ ਵਿਸਾਖੀ ਦੀ ਮਹੱਤਤਾ ਅਤੇ ਸਾਕਾ ਜੱਲ੍ਹਿਆਂਵਾਲਾ ਬਾਗ ਬਾਰੇ ਵੀਡੀਓ ਦਿਖਾਈ ਗਈ। ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ।
ਬੰਨੋ ਮਾਈ ਚੌਕ ਵਿੱਚ ਨੌਜਵਾਨਾਂ ਨੇ ਪੰਜ ਸੌ ਬੂਟੇ ਵੰਡੇ
ਬਨੂੜ (ਪੱਤਰ ਪ੍ਰੇਰਕ): ਇੱਥੋਂ ਦੇ ਸਮਾਜ ਸੇਵੀ ਨੌਜਵਾਨਾਂ ਜ਼ੋਰਾ ਸਿੰਘ, ਗੁਰਮੇਜਰ ਸਿੰਘ, ਜਸਪ੍ਰੀਤ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਬੰਨੋ ਮਾਈ ਚੌਕ ਵਿੱਚ 500 ਬੂਟੇ ਵੰਡ ਕੇ ਨੌਜਵਾਨਾਂ ਨੇ ਵਿਸਾਖੀ, ਅੰਬੇਡਕਰ ਜੈਅੰਤੀ ਅਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ। ਨੌਜਵਾਨਾਂ ਨੇ ਦੱਸਿਆ ਕਿ ਸਮਾਜ ਵਿੱਚ ਆਪਸੀ ਪਿਆਰ ਅਤੇ ਖੁਸ਼ਬੋ ਦਾ ਸੁਨੇਹਾ ਦੇਣ ਲਈ ਐਤਕੀਂ ਉਨ੍ਹਾਂ ਫੁੱਲਦਾਰ ਬੂਟੇ ਵੰਡਣ ਦੀ ਯੋਜਨਾ ਉਲੀਕੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਜਪੁਰਾ ਹਲਕੇ ਪ੍ਰਧਾਨ ਸਿਕੰਦਰ ਸਿੰਘ ਬਨੂੜ ਅਤੇ ਸੀਨੀਅਰ ਕਾਰਕੁਨ ਬਲੀ ਸਿੰਘ ਨੇ ਵੀ ਹਾਜ਼ਰੀ ਭਰੀ ਤੇ ਨੌਜਵਾਨਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਖਰੜ ਵਿੱਚ ਮੁਫ਼ਤ ਮੈਡੀਕਲ ਜਾਂਚ ਕੈਂਪ
ਖਰੜ (ਪੱਤਰ ਪ੍ਰੇਰਕ): ਅਪੈਕਸ ਹਸਪਤਾਲ ਝੂੰਗੀਆਂ ਰੋਡ ਖਰੜ ਵਲੋਂ ਵਿਸਾਖੀ ਦੇ ਦਿਹਾੜੇ ’ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ.ਟੀ.ਬੀ. ਨਗਰ ਖਰੜ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਕੈਂਪ ਵਿੱਚ ਡਾ. ਰਘੁਬੀਰ ਸਿੰਘ ਬੰਗੜ, ਡਾ. ਸ਼ਿਵਾਲੀ ਫਿਜ਼ਿਓਥੈਰੇਪਿਸਟ ਮੁਕੇਸ਼ ਵਰਮਾ ਵੱਲੋਂ 100 ਤੋਂ ਵੱਧ ਲੋਕਾਂ ਤਾ ਚੈੱਕਅਪ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੈਕਸ ਹਸਪਤਾਲ ਦੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ।