ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਜੂਨ
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕ੍ਰਾਂਤੀਕਾਰੀ ਸ਼੍ਰੋਮਣੀ ਭਗਤ ਕਬੀਰ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਪ੍ਰਿਤਪਾਲ ਸਿੰਘ ਦੇ ਪੰਥਕ ਜਥੇ ਨੇ ਭਗਤ ਕਬੀਰ ਦੇ ਜੀਵਨ ਬਿਰਤਾਂਤ ਅਤੇ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਬਾਰੇ ਜਾਣੂ ਕਰਵਾਇਆ। ਭਾਈ ਜਸਵਿੰਦਰ ਸਿੰਘ ਨੇ ਆਪਣੇ ਰਸ-ਭਿੰਨੇ ਕੀਰਤਨ ਕੀਤਾ। ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਭਗਤ ਕਬੀਰ ਦਾ ਜਨਮ 1398 ਬਨਾਰਸ ਵਿੱਚ ਹੋਇਆ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤਾਂ ਦੀ ਬਾਣੀ ’ਚੋਂ ਸਭ ਤੋਂ ਵੱਧ ਭਗਤ ਕਰੀਬ ਦੀ ਬਾਣੀ 18 ਰਾਗਾਂ ਵਿੱਚ 541 ਸ਼ਬਦਾਂ ਵਿੱਚ ਸੁਸ਼ੋਭਿਤ ਹੈ। ਇਸ ਮੌਕੇ ਜਥਿਆਂ ਨੇ ਕਥਾ ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਮੋਰਿੰਡਾ (ਪੱਤਰ ਪ੍ਰੇਰਕ): ਮੋਰਿੰਡਾ ਦੇ ਢੋਲਣਮਾਜਰਾ ਚੌਕ ਵਿੱਚ ਮੋਰਿੰਡਾ-ਲੁਧਿਆਣਾ ਸੜਕ ਉੱਤੇ ਦੁਕਾਨਦਾਰਾਂ ਵੱਲੋਂ ਭਗਤ ਕਬੀਰ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਾਈ ਗਈ। ਇਸ ਮੌਕੇ ਕੁਲਵੀਰ ਸਿੰਘ ਧਾਰਨੀ, ਸ਼ਿਵ ਕੁਮਾਰ, ਸ੍ਰੀ ਐੱਨਪੀ ਰਾਣਾ, ਗੁਰਦੀਪ ਸਿੰਘ ਦੀਪਾ ਇਟਲੀ, ਟੈਣੀ ਪੰਜਕੋਹਾ, ਯੂਨਾਈਟਡ ਨਕਸ਼ਿਆਂ ਵਾਲਿਆਂ ਤੇ ਪੰਜਕੋਹਾ ਪੈਲੇਸ ਵਾਲਿਆਂ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਸੇਵਾ ਕੀਤੀ।