ਪੱਤਰ ਪ੍ਰੇਰਕ
ਅਮਲੋਹ, 21 ਜੂਨ
ਸਰਕਾਰੀ ਮਿਡਲ ਸਕੂਲ ਮਛਰਾਏ ਕਲਾਂ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਇੰਚਾਰਜ ਡਾ. ਕਿਰਨ ਬਾਲਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਯੋਗ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਮਾਸਟਰ ਭੂਸ਼ਨ ਕੁਮਾਰ ਅਤੇ ਕਮਲਜੀਤ ਕੌਰ ਨੇ ਵਿਦਿਆਰਥੀਆਂ ਅਤੇ ਨਗਰ ਨਿਵਾਸੀਆਂ ਨੂੰ ਯੋਗ ਦੇ ਆਸਣ ਕਰਵਾਏ। ਇਸੇ ਤਰ੍ਹਾਂ ਨਿਰੰਕਾਰੀ ਭਵਨ ਅਮਲੋਹ ਵਿਚ ਅੱਜ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਨਿਰੰਕਾਰੀ ਮਿਸ਼ਨ ਦੀ ਭਾਵਨਾ ਕਾਲੜਾ ਨੇ ਵੱਖ-ਵੱਖ ਯੋਗ ਆਸਣੇ ਕਰਵਾਏ।
ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਯੋਗ ਸਰੀਰਕ ਤੇ ਮਾਨਸਿਕ ਤਣਾਅ ਦੂਰ ਕਰਦਾ ਹੈ। ਉਹ ਅੱਜ ਪੰਚਕੂਲਾ ਦੇ ਸੈਕਟਰ-5 ਦੇ ਗਰਾਊਂਡ ਵਿੱਚ ਮਨਾਏ ਗਏ ਯੋਗ ਦਿਵਸ ਦੌਰਾਨ ਸੰਬੋਧਨ ਕਰ ਰਹੇ ਸਨ।
ਮੋਰਿੰਡਾ (ਪੱਤਰ ਪ੍ਰੇਰਕ): ਧਰਮਾਰਥ ਟਰੱਸਟ ਮੋਰਿੰਡਾ ਵਿੱਚ ਭਾਜਪਾ ਜਨਤਾ ਪਾਰਟੀ ਮੰਡਲ ਮੋਰਿੰਡਾ ਵੱਲੋਂ ਅੱਠਵਾਂ ਯੋਗ ਕੈਂਪ ਯੋਗ ਗੁਰੂ ਦਵਿੰਦਰ ਸ਼ਰਮਾ ਅਤੇ ਇੱਥੇ ਕੈਂਪ ਇੰਚਾਰਜ ਹਰਸ਼ ਕੋਹਲੀ ਦੀ ਅਗਵਾਈ ਹੇਠ ਲਗਾਇਆ ਗਿਆ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਆਯੁਰਵੈਦਿਕ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਸਥਾਨਕ ਪ੍ਰਾਚੀਨ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਜ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਬਸੀ ਪਠਾਣਾਂ ਪੁਲੀਸ ਦੇ ਚੌਕੀ ਇੰਚਾਰਜ ਪਵਨ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਿਰਭਓ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਖਰੜ (ਪੱਤਰ ਪ੍ਰੇਰਕ): ਭਾਰਤ ਵਿਕਾਸ ਪਰਿਸ਼ਦ ਖਰੜ ਵੱਲੋਂ ਕੌਮਾਂਤਰੀ ਯੋਗ ਦਿਵਸ ਇੱਥੋਂ ਦੀ ਅਨਾਜ ਮੰਡੀ ਵਿੱਚ ਮਨਾਇਆ ਗਿਆ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਯੋਗ ਗੁਰੂ ਰਜਨੀ ਕੰਬੋਜ ਤੇ ਰਾਮ ਸੁਰੇਸ਼ ਨੇ ਲੋਕਾਂ ਨੂੰ ਯੋਗ ਕਰਵਾਇਆ।