ਖਰੜ (ਪੱਤਰ ਪ੍ਰੇਰਕ): ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਦੇਸੂਮਾਜਰਾ ਵਿੱਚ ਸਥਿਤ ਸਰਕਾਰੀ ਹਾਈ ਸਕੂਲ ਦੇ ਲਗਪਗ ਇਕ ਹਜ਼ਾਰ ਦੇ ਕਰੀਬ ਵਿਦਿਆਰਥੀ ਅੱਜ ਵੀ ਪੜ੍ਹਾਈ ਤੋਂ ਵਾਂਝੇ ਰਹੇ ਕਿਉਂਕਿ ਸਕੂਲ ਵਿਚ ਭਰਿਆ ਬਰਸਾਤੀ ਪਾਣੀ ਪੂਰੀ ਤਰ੍ਹਾਂ ਕੱਢਿਆ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਰਸਾਤੀ ਪਾਣੀ ਬਹੁਤ ਵੱਡੀ ਮਾਤਰਾ ਵਿਚ ਸਕੂਲ ਵਿਚ ਦਾਖਲ ਹੋ ਗਿਆ ਸੀ। ਸਕੂਲ ਦੀ ਮੁੱਖ ਅਧਿਆਪਿਕਾ ਖੁਸ਼ਿਵੰਦਰ ਕੌਰ ਨੇ ਪੁੱਛਣ ’ਤੇ ਦੱਸਿਆ ਕਿ ਅੱਜ ਨਗਰ ਕੌਂਸਲ ਦੀ ਟੀਮ ਵਲੋਂ ਪਾਣੀ ਕੱਢਣ ਲਈ ਕਾਰਵਾਈ ਕੀਤੀ ਗਈ ਪਰ ਇਹ ਕਾਰਵਾਈ ਮੁਕੰਮਲ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸ ਬਰਸਾਤੀ ਪਾਣੀ ਕਾਰਨ ਕਲਾਸਾਂ ਵਿੱਚ ਚਿੱਕੜ ਇੱਕਠਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਐਲ.ਐਨ.ਟੀ ਕੰਪਨੀ ਜਿਸ ਵੱਲੋਂ ਫਲਾਈਓਵਰ ਦੀ ਉਸਾਰੀ ਕੀਤੀ ਗਈ ਸੀ, ਦੇ ਕਰਮਚਾਰੀ ਵੀ ਆਏ ਅਤੇ ਉਨ੍ਹਾਂ ਨੇ ਉਸ ਡਰੇਨ ਦੀ ਰਿਪੇਅਰ ਕੀਤੀ ਜਿਸ ਰਾਹੀਂ ਪਾਣੀ ਸਕੂਲ ਵਿੱਚ ਦਾਖਲ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਗਏ।