ਕਰਮਜੀਤ ਸਿੰਘ ਚਿੱਲਾ
ਬਨੂੜ, 20 ਸਤੰਬਰ
ਝੋਨੇ ਦੀ ਸਰਕਾਰੀ ਖਰੀਦ ਆਰੰਭ ਹੋਣ ਨੂੰ ਹਾਲੇ ਦਸ ਦਿਨਾਂ ਦਾ ਸਮਾਂ ਪਿਆ ਹੈ, ਪਰ ਬਨੂੜ ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਮੰਡੀ ਵਿੱਚ ਅੱਜ ਪੰਦਰਾਂ ਦੇ ਕਰੀਬ ਟਰਾਲੀਆਂ ਝੋਨੇ ਦੀਆਂ ਆਈਆਂ ਅਤੇ ਹੁਣ ਤੱਕ ਮੰਡੀ ਵਿੱਚ ਦੋ ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਆ ਚੁੱਕਿਆ ਹੈ।
ਬਨੂੜ ਮੰਡੀ ਵਿੱਚ ਝੋਨਾ ਲੈ ਕੇ ਆ ਰਹੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਕਿਸਾਨਾਂ ਦੇ ਝੋਨੇ ਦੀ ਮੰਡੀ ਵਿੱਚ ਕੱਚੀ ਭਰਤੀ ਉੱਤੇ ਲਗਾਈ ਰੋਕ ਦਾ ਵਿਰੋਧ ਕੀਤਾ ਹੈ। ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਣ ਸਿੰਘ ਸੋਢੀ, ਕਰਤਾਰ ਸਿੰਘ ਨੰਡਿਆਲੀ ਨੇ ਕਿਹਾ ਕਿ ਇਹ ਨਾਦਰਸ਼ਾਹੀ ਫੁਰਮਾਨ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪੱਕਿਆ ਹੋਇਆ ਝੋਨਾ ਕਟਵਾ ਕੇ ਹੀ ਮੰਡੀ ਵਿੱਚ ਲੈ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਲੂਆਂ ਵਾਲੇ ਖੇਤਰ ਵਿੱਚ ਝੋਨੇ ਦੀ ਖਰੀਦ 20 ਸਤੰਬਰ ਤੋਂ ਆਰੰਭ ਕਰਨੀ ਚਾਹੀਦੀ ਹੈ, ਕਿਉਂਕਿ ਕਿਸਾਨ ਝੋਨਾ ਘਰ ਨਹੀਂ ਰੱਖ ਸਕਦੇ। ਕਿਸਾਨਾਂ ਨੇ ਕਿਹਾ ਕਿ ਪੂਰੀ ਤਰਾਂ ਸੁਕਾ ਕੇ ਜੇਕਰ ਆੜਤੀ ਕਿਸਾਨਾਂ ਦੇ ਝੋਨੇ ਦੀ ਬੋਰੀਆਂ ਵਿੱਚ ਕੱਚੀ ਭਰਤੀ ਕਰਦੇ ਹਨ ਤਾਂ ਇਹ ਕੋਈ ਗੁਨਾਹ ਨਹੀਂ ਹੈ, ਕਿਉਂਕਿ ਕਿਸਾਨ ਆਪਣੇ ਝੋਨੇ ਨੂੰ ਦਸ ਦਿਨ ਮੰਡੀ ਵਿੱਚ ਢੇਰੀਆਂ ਬਣਾ ਕੇ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕੱਚੀ ਭਰਤੀ ਉੱਤੇ ਰੋਕ ਨਾ ਹਟਾਈ ਤਾਂ ਕਿਸਾਨ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ 16 ਸਤੰਬਰ ਨੂੰ ਮਾਰਕੀਟ ਕਮੇਟੀ ਦੇ ਸਕੱਤਰ ਨੇ ਆੜ੍ਹਤੀਆਂ ਨੂੰ ਚਿੱਠੀ ਕੱਢ ਕੇ ਕੱਚੀ ਭਰਤੀ ਨਾ ਕਰਨ ਦੀ ਹਦਾਇਤ ਕੀਤੀ ਸੀ। ਅੱਜ ਜ਼ਿਲ੍ਹਾ ਮੰਡੀ ਅਫ਼ਸਰ ਨੇ ਜ਼ਿਲ੍ਹੇ ਦੀਆਂ ਸਮੁੱਚੀਆਂ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਇੱਕ ਪੱਤਰ ਭੇਜ ਕੇ ਝੋਨੇ ਦੀ ਸਰਕਾਰੀ ਖਰੀਦ ਆਰੰਭ ਹੋਣ ਤੋਂ ਪਹਿਲਾਂ ਕੱਚੀ ਭਰਤੀ ਨਾ ਕਰਨ ਦੇਣ ਦੀ ਹਦਾਇਤ ਕੀਤੀ ਹੈ।