ਕਰਮਜੀਤ ਸਿੰਘ ਚਿੱਲਾ
ਬਨੂੜ, 20 ਜੁਲਾਈ
ਘੱਗਰ ਦਰਿਆ ’ਚੋਂ ਕੱਢੀ ਗਈ ਬਨੂੜ ਨਹਿਰ ਵਿੱਚ ਤਿੰਨ ਦਿਨ ਪਹਿਲਾਂ ਪਿੰਡ ਘੜਾਮਾਂ ’ਚ ਪਏ ਪਾੜ ਨੂੰ ਨਾ ਪੂਰੇ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਨੇ ਦੱਸਿਆ ਕਿ ਦਰਜਨਾਂ ਏਕੜ ਫ਼ਸਲਾਂ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਫ਼ਸਲਾਂ ਦੇ ਖਰਾਬੇ ਦਾ ਵੀ ਡਰ ਹੈ। ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਸਰਪੰਚ ਘੜਾਮਾਂ, ਅਜੈਬ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਪੈਣ ਬਾਰੇ ਨਹਿਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਕਿਸੇ ਨੇ ਵੀ ਪਾੜ ਪੂਰਨ ਲਈ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਬਾਰੇ ਨਹਿਰੀ ਵਿਭਾਗ ਦੇ ਐੱਸਡੀਓ ਗੁਰਸ਼ਰਨ ਸਿੰਘ ਵਿਰਕ ਨਾਲ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਸੁੱਕੀ ਮਿੱਟੀ ਨਹੀਂ ਮਿਲ ਰਹੀ, ਜਿਸ ਕਾਰਨ ਨਹਿਰ ਵਿਚ ਪਏ ਪਾੜ ਨੂੰ ਪੂਰਨ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਨਹਿਰ ਵਿਚ ਪਏ ਪਾੜ ਨੂੰ ਪੂਰ ਦਿੱਤਾ ਜਾਵੇਗਾ।
ਨਹਿਰ ਦੀ ਉਸਾਰੀ ਦੇ ਮਟੀਰੀਅਲ ਦੀ ਵਿਜੀਲੈਂਸ ਜਾਂਚ ਮੰਗੀ
ਇਸੇ ਦੌਰਾਨ ਬਨੂੜ ਖੇਤਰ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਬਨੂੜ ਨਹਿਰ ਉੱਤੇ ਖਰਚੀ 125 ਕਰੋੜ ਤੋਂ ਵੱਧ ਰਾਸ਼ੀ ਦੀ ਵਿਜੀਲੈਂਸ ਜਾਂਚ ਮੰਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਹਿਰ ਉੱਤੇ ਬੇਹੱਦ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਤੇ ਇਸ ਵਿੱਚ ਭਾਰੀ ਬੇਨਿਯਮੀਆਂ ਹਨ।