ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ
ਲੋਕਾਂ ਨੇ ਸਰਹਿੰਦ ਸ਼ਹਿਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗਪਗ ਪੰਜ ਸਾਲ ਤੋਂ ਚੱਲ ਰਹੇ ਸੀਵਰੇਜ ਦੇ ਕੰਮ ਦੀ ਮੱਠੀ ਰਫਤਾਰ, ਸਿਆਸੀ ਵਿਤਕਰੇਬਾਜ਼ੀ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ।
ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਸਮਾਜਸੇਵੀ ਗੁਰਵਿੰਦਰ ਸਿੰਘ ਸੋਹੀ ਅਤੇ ਹੋਰ ਸ਼ਹਿਰ ਵਾਸੀਆਂ ਨੇ ਸਰਹਿੰਦ ਸ਼ਹਿਰ ਦੇ ਤੇਲੀਆਂ ਮੁਹੱਲੇ ’ਚ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਮੌਕੇ ਦੱਸਿਆ ਕਿ ਸੂਚਨਾ ਅਧਿਕਾਰ ਕਾਨੂੰਨ ਤਹਿਤ ਲਈ ਜਾਣਕਾਰੀ ’ਚ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਹੈ ਕਿ ਇਸ ਪ੍ਰਾਜੈਕਟ ਤਹਿਤ ਸਰਹਿੰਦ ਸ਼ਹਿਰ ਵਿੱਚ ਸੀਵਰੇਜ ਪਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਕਈ ਮੁਹੱਲਿਆਂ ਵਿੱਚ ਸੀਵਰੇਜ ਦੀ ਥਾਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸਿਰਫ ਨਾਲੀਆਂ ਬਣਾਈ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੇਨ ਪਾਈਪ ਵਿੱਚ ਪਾਈਪਾਂ ਪਾਉਣ ਸਮੇਂ ਸਰਕਾਰੀ ਅਧਿਕਾਰੀ ਦੀ ਗ਼ੈਰਹਾਜ਼ਰੀ ਵਿੱਚ ਪਾਈਪਾਂ ਦੇ ਲੈਵਲ ਆਦਿ ਦਾ ਧਿਆਨ ਨਹੀ ਰੱਖਿਆ ਜਾ ਰਿਹਾ, ਜਿਸ ਕਾਰਨ ਭਵਿੱਖ ’ਚ ਸਮੱਸਿਆਵਾਂ ਪੈਦਾ ਹੋਣਗੀਆਂ। ਭੁੱਟਾ ਨੇ ਕਿਹਾ ਕਿ ਇਸ ਸਬੰਧੀ ਡੀਸੀ ਫ਼ਤਹਿਗੜ੍ਹ ਸਾਹਿਬ ਅਤੇ ਸੀਵਰੇਜ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਜੇਕਰ ਯੋਜਨਾਬੱਧ ਤਰੀਕੇ ਨਾਲ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਅਦਾਲਤ ਤੇ ਵਿਜੀਲੈਂਸ ਵਿਭਾਗ ਦਾ ਦਰਵਾਜ਼ਾ ਖੜਕਾਉਣਗੇ।