ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 20 ਫਰਵਰੀ
ਚੰਡੀਗੜ੍ਹ ਪ੍ਰਸ਼ਾਸਨ ਦੇ ਮਿਲਖ ਵਿਭਾਗ ਵਲੋਂ ਅਗਲੇ ਮਹੀਨੇ ਸੱਤ ਤੋਂ ਨੌਂ ਮਾਰਚ ਤੱਕ ਅੱਠ ਫਰੀਹੋਲਡ ਰਿਹਾਇਸ਼ੀ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਇਨ੍ਹਾਂ ਅੱਠ ਸਾਈਟਾਂ ਲਈ ਕੁੱਲ ਰਾਖਵੀਂ ਕੀਮਤ 18 ਕਰੋੜ ਰੁਪਏ ਰੱਖੀ ਗਈ ਹੈ। ਇਸ ਨਿਲਾਮੀ ਵਿੱਚ ਹਿੱਸਾ ਲੈਣ ਲਈ ਦੋ ਮਾਰਚ ਨੂੰ ਸ਼ਾਮ 5 ਵਜੇ ਤੱਕ ਇਹਨਾਂ ਸਾਈਟਾਂ ਨੂੰ ਲੈਕੇ ਲੋੜੀਂਦੇ ਦਸਤਾਵੇਜ਼ ਅਤੇ ਨਿਲਾਮੀ ਲਈ ਤੈਅ ਕੀਤੀ ਗਈ ਰਾਖਵੀਂ ਰਕਮ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਇਸ ਤੋਂ ਬਾਅਦ ਤਿੰਨ ਤੋਂ ਛੇ ਮਾਰਚ ਤੱਕ ਦਸਤਾਵੇਜ਼ਾਂ ਅਤੇ ਜਮਾਂ ਕੀਤੀ ਗਈ ਰਾਖਵੀਂ ਰਕਮ ਦੀ ਜਾਂਚ ਲਈ ਸਮਾਂ ਰੱਖਿਆ ਗਿਆ ਹੈ। ਜਦੋਂ ਕਿ ਸੱਤ ਮਾਰਚ ਨੂੰ ਸਵੇਰੇ 9 ਵਜੇ ਤੋਂ ਨੌਂ ਮਾਰਚ ਨੂੰ ਸਵੇਰੇ 11 ਵਜੇ ਤੱਕ ਇਨ੍ਹਾਂ ਅੱਠ ਫਰੀ ਹੋਲਡ ਸਾਈਟਾਂ ਦੀ ਈ-ਨਿਲਾਮੀ ਵਿੱਚ ਬੋਲੀ ਕੀਤੀ ਜਾਵੇਗੀ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ, ਬਿਨੈਕਾਰ ਨੂੰ https://eauction.gov.in/ ‘ਤੇ ਲੌਗਇਨ ਕਰਕੇ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ, ਬੋਲੀਕਾਰ ਨੂੰ ਸਕੈਨ ਕੀਤੇ ਡਿਜੀਟਲ ਦਸਤਖਤ ਅਤੇ ਦਸਤਾਵੇਜ਼ਾਂ ਦੀ ਸਾਫਟ ਕਾਪੀ ਜਮ੍ਹਾਂ ਕਰਾਉਣੀ ਪਵੇਗੀ।
ਈ-ਨਿਲਾਮੀ ਲਈ ਸੈਕਟਰ-17 ਦੇ ਅਸਟੇਟ ਦਫ਼ਤਰ ਵਿੱਚ ਇੱਕ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ।