ਕੁਲਦੀਪ ਸਿੰਘ
ਚੰਡੀਗੜ੍ਹ, 19 ਅਗਸਤ
ਕੋਵਿਡ-19 ਮਹਾਮਾਰੀ ਦੇ ਮਰੀਜ਼ਾਂ ਦਾ ਸਹੀ ਸਮੇਂ ’ਤੇ ਪਤਾ ਲਗਾਉਣ ਅਤੇ ਟੈਸਟਿੰਗ ਨੂੰ ਸੁਖਾਲਾ ਬਣਾਉਣ ਲਈ ਇੱਥੋਂ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ਵਿੱਚ ਵਿਸ਼ੇਸ਼ ਲੈਬਾਰਟਰੀ ਸਥਾਪਤ ਕੀਤੀ ਗਈ ਹੈ। ਇਸ ਲੈਬ ਵਿੱਚ ਆਰਟੀ-ਪੀਸੀਆਰ ਵਿਧੀ ਰਾਹੀਂ ਟੈਸਟਿੰਗ ਕੀਤੀ ਜਾ ਸਕੇਗੀ। ਇਸ ਲੈਬ ਦੀ ਸਮਰੱਥਾ ਮੁਤਾਬਕ ਇੱਕ ਦਿਨ ਵਿੱਚ 1500 ਵਿਅਕਤੀਆਂ ਦੇ ਟੈਸਟ ਸੰਭਵ ਹੋ ਸਕਣਗੇ। ਕਰੀਬ 35 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਇਸ ਲੈਬ ਦਾ ਸਿਵਲ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਬਾਇਓ-ਸੇਫ਼ਟੀ ਦਾ ਕੰਮ ਚੱਲ ਰਿਹਾ ਹੈ।
ਹਸਪਤਾਲ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਮੁਖੀ ਡਾ. ਵਰਸ਼ਾ ਗੁਪਤਾ ਮੁਤਾਬਕ ਹਸਪਤਾਲ ਵਿੱਚ ਇਸ ਤੋਂ ਪਹਿਲਾਂ ਕੋਵਿਡ-19 ਟੈਸਟਿੰਗ ਲਈ ਵਿਸ਼ੇਸ਼ ਲੈਬ ਨਾ ਹੋਣ ਕਰ ਕੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਵਾਈਨ ਫਲੂ ਟੈਸਟਿੰਗ ਲੈਬ ਵਿੱਚ ਹੀ ਕੰਮ ਚੱਲ ਰਿਹਾ ਹੈ। ਇਸ ਲੈਬ ਵਿੱਚ ਦੁੱਗਣਾ ਕੰਮ ਹੋਣ ਕਰ ਕੇ ਸਟਾਫ਼ ਉੱਤੇ ਵੀ ਕੰਮ ਦਾ ਕਾਫੀ ਬੋਝ ਰਹਿੰਦਾ ਸੀ ਕਿਉਂਕਿ ਯੂ.ਟੀ. ਦੇ ਸਿਹਤ ਵਿਭਾਗ ਵੱਲੋਂ ਵੀ ਕੋਵਿਡ-19 ਦੇ ਟੈਸਟਾਂ ਲਈ ਸੈਂਪਲ ਇੱਥੇ ਹੀ ਭੇਜੇ ਜਾਂਦੇ ਸਨ।
ਜੀਐੱਮਐੱਸਐੱਚ-16 ਵਿੱਚ ਵੀ ਜਲਦ ਸਥਾਪਤ ਹੋਵੇਗੀ ਵਿਸ਼ੇਸ਼ ਲੈਬ
ਫਿਲਹਾਲ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ, ਸੈਕਟਰ-16 ਵਿਚ ਕੋਵਿਡ ਟੈਸਟਿੰਗ ਲਈ ਕੋਈ ਲੈਬ ਨਹੀਂ ਹੈ। ਇਸ ਹਸਪਤਾਲ ਨੂੰ ਮਰੀਜ਼ਾਂ ਦੇ ਲਏ ਸੈਂਪਲ ਟੈਸਟਿੰਗ ਲਈ ਪੀਜੀਆਈ ਜਾਂ ਜੀਐੱਮਸੀਐੱਚ-32 ਵਿੱਚ ਹੀ ਭੇਜਣੇ ਪੈਂਦੇ ਹਨ ਪਰ ਹੁਣ ਅਗਲੇ ਦੋ ਮਹੀਨਿਆਂ ਵਿਚ ਜੀਐੱਮਐੱਸਐੱਚ, ਸੈਕਟਰ 16 ਵਿੱਚ ਵੀ ਵਿਸ਼ੇਸ਼ ਲੈਬ ਲੈਬ ਸਥਾਪਤ ਹੋ ਜਾਵੇਗੀ ਜਿਸ ਨਾਲ ਹਸਪਤਾਲ ਆਪਣੇ ਮਰੀਜ਼ਾਂ ਦੇ ਸੈਂਪਲਾਂ ਦੀ ਟੈਸਟਿੰਗ ਖ਼ੁਦ ਕਰ ਸਕੇਗਾ।