ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 14 ਅਕਤੂਬਰ
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪਿੰਦਰ ਯਾਦਵ ਨੂੰ ਚਿੱਠੀ ਲਿਖਕੇ ਪੰਜਾਬ ਅਤੇ ਖਾਸਕਰ ਮੁਹਾਲੀ ਅੰਦਰ ਇੰਪਲਾਈ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈਐਸਆਈਸੀ) ਦੀਆਂ ਘਾਟਾਂ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਘੜੂੰਆਂ, ਸਿਆਲਬਾ ਮਾਜਰੀ, ਬੰਨ ਮਾਜਰਾ ਅਤੇ ਸੈਕਟਰ-82 ਮੁਹਾਲੀ ਵਿਖੇ ਨਵੀਂਆਂ ਡਿਸਪੈਂਸਰੀਆਂ ਖੋਲ੍ਹਣ ਦੀ ਵੀ ਅਪੀਲ ਕੀਤੀ। ਸ੍ਰੀ ਤਿਵਾੜੀ ਨੇ ਕਿਹਾ ਹੈ ਕਿ ਈਐਸਆਈ ਵਿੱਚ ਮਜ਼ਦੂਰਾਂ ਵੱਲੋਂ ਸਮੇਂ-ਸਮੇਂ ਸਿਰ ਆਪਣਾ ਹਿੱਸਾ ਪਾਇਆ ਜਾਂਦਾ ਹੈ। ਈਐਸਆਈ ਵੱਲੋਂ ਪੰਜਾਬ ਤੋਂ 726 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਜਾਂਦੀ ਹੈ ਜਦਕਿ ਇਸ ਦੇ ਉਲਟ ਪੰਜਾਬ ਅੰਦਰ ਸਿਰਫ਼ 284.48 ਕਰੋੜ ਰੁਪਏ ਹੀ ਖਰਚੇ ਜਾਂਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਸਿਰਫ਼ ਮੁਹਾਲੀ ਦੇ ਬੀਮੇ ਅਧੀਨ ਕਰਮਚਾਰੀ ਈਐੱਸਆਈਸੀ ਨੂੰ ਕਰੀਬ 10 ਕਰੋੜ ਰੁਪਏ ਦਾ ਹਿੱਸਾ ਪਾਉਂਦੇ ਹਨ। ਉਨ੍ਹਾਂ ਈਐਸਈ ਹਸਪਤਾਲ ਅਤੇ ਡਿਸਪੈਂਸਰੀਆਂ ਨੂੰ 24 ਘੰਟੇ ਚਾਲੂ ਰੱਖੇ ਜਾਣ, ਬੀਮਾ ਧਾਰਕ ਕਰਮਚਾਰੀਆਂ ਨੂੰ ਆਜ਼ਾਦ ਹਸਪਤਾਲਾਂ ਵਿੱਚ ਰੈਫ਼ਰ ਕਰਨ, ਐਂਬੂਲੈਂਸ ਵਿੱਚ ਉੱਚ ਸੁਵਿਧਾ ਮੁਹੱਈਆ ਕਰਵਾਉਣ, ਟੈਸਟਿੰਗ ਲੈਬਾਰਟਰੀਆਂ ਦੀ ਮੌਜੂਦਗੀ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ।