ਮੁਕੇਸ਼ ਕੁਮਾਰ
ਚੰਡੀਗੜ੍ਹ, 15 ਸਤੰਬਰ
ਚੰਡੀਗੜ੍ਹ ਨਗਰ ਨਿਗਮ ਨੇ ‘ਨੈਸ਼ਨਲ ਇਨਵਾਇਰਨਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ’ (ਨੀਰੀ), ਨਾਗਪੁਰ ਨਾਲ ਲੋੜ ਆਧਾਰਿਤ ਖੋਜ, ਗਿਆਨ ਦੇ ਪ੍ਰਸਾਰ, ਸਿਖਲਾਈ ਤੇ ਸਮਰੱਥਾ ਨਿਰਮਾਣ ਜਿਵੇਂ ਪਾਣੀ ਅਤੇ ਵੇਸਟ ਵਾਟਰ ਟ੍ਰੀਟਮੈਂਟ, ਸੀਵਰੇਜ, ਸਾਲਿਡ ਵੇਸਟ ਮੈਨੇਜਮੈਂਟ ਤੇ ਹਵਾ ਪ੍ਰਦੂਸ਼ਣ ਕੰਟਰੋਲ ਆਦਿ ਰਾਹੀਂ ਵਾਤਾਵਰਨ ਦੀ ਸੁਰੱਖਿਆ, ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਲਈ ਮਿਲ ਕੇ ਕੰਮ ਕਰਨ ਲਈ ਇੱਕ ਸਮਝੌਤੇ (ਐੱਲਓਆਈ) ’ਤੇ ਹਸਤਾਖ਼ਰ ਕੀਤੇ ਹਨ। ਨਾਗਪੁਰ ਵਿੱਚ ਆਪਣੇ ਸਟੱਡੀ ਟੂਰ ਦੌਰਾਨ ਪੁੱਜੇ ਨਿਗਮ ਦੇ ਵਫ਼ਦ ਵਿੱਚ ਸ਼ਾਮਲ ਚੰਡੀਗੜ੍ਹ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਿੰਦਰ ਸੋਢੀ ਨੇ ਨੀਰੀ ਨਾਗਪੁਰ ਦੇ ਡਾਇਰੈਕਟਰ ਡਾ. ਵੈਦਿਆ ਨਾਲ ਐੱਲਓਆਈ ’ਤੇ ਦਸਤਖਤ ਕੀਤੇ। ਅੱਜ ਮੇਅਰ ਅਤੇ 21 ਕੌਂਸਲਰ ਨਾਗਪੁਰ ਦੇ ਸਟੱਡੀ ਟੂਰ ’ਤੇ ਸਨ ਅਤੇ ਅੱਜ ਨੀਰੀ ਦਾ ਦੌਰਾ ਕੀਤਾ। ਮੇਅਰ ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਨਗਰ ਨਿਗਮ ਚੰਡੀਗੜ੍ਹ ਅਤੇ ਪੂਰੇ ਸ਼ਹਿਰ ਨੂੰ ਇਸ ਸਹਿਮਤੀ ਪੱਤਰ ਦਾ ਬਹੁਤ ਲਾਭ ਹੋਵੇਗਾ ਕਿਉਂਕਿ ਨੀਰੀ ਸਾਲਿਡ ਵੇਸਟ ਮੈਨੇਜਮੈਂਟ, ਵੇਸਟ ਵਾਟਰ ਮੈਨੇਜਮੈਂਟ ਅਤੇ ਵਾਟਰ ਬਾਡੀ ਰੀਜਿਊਵਨੇਸ਼ਨ ਦੇ ਖੇਤਰਾਂ ਵਿੱਚ ਦੇਸ਼ ਭਰ ਵਿੱਚ ਮੋਹਰੀ ਹੈ। ਨਾਗਪੁਰ ਦੌਰੇ ਦੌਰਾਨ ਚੰਡੀਗੜ੍ਹ ਨਿਗਮ ਦੀ ਟੀਮ ਨੇ ਨਾਗਪੁਰ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਵੀ ਦੌਰਾ ਵੀ ਕੀਤਾ।