ਪੀ.ਪੀ. ਵਰਮਾ
ਪੰਚਕੂਲਾ, 21 ਅਪਰੈਲ
ਇੱਥੋਂ ਦੇ ਸੈਕਟਰ 20 ਦੀ ਆਰਮੀ ਸੁਸਾਇਟੀ ਜੀਐੱਚ 79 ਵਿੱਚ ਰਹਿਣ ਵਾਲੇ 19 ਸਾਲਾ ਵਿਦਿਆਰਥੀ ਸ੍ਰੀਯਾਂਸ਼ ਪਾਠਕ ਨੇ ਕਰੋਨਾ ਦੇ ਡਰ ਕਾਰਨ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਹ ਇੰਜੀਨੀਅਰਿੰਗ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀਯਾਂਸ਼ ਦੀ ਮਾਂ ਅਤੇ ਪਿਤਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਸ੍ਰੀਯਾਂਸ਼ ਕਾਫ਼ੀ ਡਰ ਗਿਆ ਸੀ ਅਤੇ ਉਸ ਨੂੰ ਵੀ ਡਰ ਸੀ ਕਿ ਕਿਤੇ ਉਸ ਨੂੰ ਵੀ ਕਰੋਨਾ ਨਾ ਹੋ ਗਿਆ ਹੋਵੇ। ਜਾਣਕਾਰੀ ਮੁਤਾਬਕ ਜਦੋਂ ਪੁਲੀਸ ਨੇ ਸ੍ਰੀਯਾਂਸ਼਼ ਦਾ ਕਰੋਨਾ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਵੀ ਪਾਜ਼ੇਟਿਵ ਮਿਲੀ। ਇਸ ਦੌਰਾਨ ਅੱਜ ਸਵੇਰੇ ਕਰੀਬ 4:52 ਵਜੇ ਨੌਜਵਾਨ ਨੇ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਇਸ ਮਾਮਲੇ ਸਬੰਧੀ ਸੈਕਟਰ 20 ਦੇ ਐੱਸਐੱਚਓ ਦਲੀਪ ਕੁਮਾਰ ਅਤੇ ਕੇਸ ਦੇ ਜਾਂਚ ਅਧਿਕਾਰੀ ਰਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਖ਼ੁਦਕੁਸ਼ੀ ਪੱਤਰ ਨਹੀਂ ਮਿਲ ਸਕਿਆ ਹੈ। ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲ ਦੀ ਘੜੀ ਨੌਜਵਾਨ ਦੀ ਲਾਸ਼ ਨੂੰ ਸੈਕਟਰ 6 ਦੀ ਮੌਰਚਰੀ ਵਿੱਚ ਰਖਵਾਇਆ ਗਿਆ ਹੈ।