ਕਰਮਜੀਤ ਸਿੰਘ ਚਿੱਲਾ
ਬਨੂੜ, 5 ਜੂਨ
ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਐਤਕੀਂ ਛੇ ਤੋਂ ਸੱਤ ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਆਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਲਈ ਨਵੇਂ ਰਾਹ ਖੁੱਲ੍ਹਣਗੇ ਅਤੇ ਖੇਤੀਬਾੜੀ ਵੀ ਮਸ਼ੀਨਰੀ ’ਤੇ ਨਿਰਭਰ ਹੋ ਜਾਵੇਗੀ। ਉਹ ਅੱਜ ਇੱਥੋਂ ਲਾਂਡਰਾਂ ਨੂੰ ਜਾਂਦੇ ਮਾਰਗ ਉੱਤੇ ਪੈਂਦੇ ਪਿੰਡ ਦੈੜੀ ਵਿਚ ਕਿਸਾਨ ਸ਼ਮਸ਼ੇਰ ਸਿੰਘ ਵੱਲੋਂ ਝੋਨੇ ਦੀ ਕੀਤੀ ਜਾ ਰਹੀ ਸਿੱਧੀ ਬਿਜਾਈ ਦਾ ਨਿਰੀਖ਼ਣ ਕਰ ਰਹੇ ਸਨ।
ਸ੍ਰੀ ਪੰਨੂੰ ਨੇ ਦੱਸਿਆ ਕਿ ਪੰਜਾਬ ਵਿੱਚ 27 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਹੁੰਦੀ ਹੈ, ਜਿਸ ਵਿੱਚੋਂ 7 ਲੱਖ ਹੈਕਟੇਅਰ ਵਿੱਚ ਬਾਸਮਤੀ ਅਤੇ 20 ਲੱਖ ਹੈਕਟੇਅਰ ਵਿੱਚ ਪਰਮਲ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਐਤਕੀਂ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਦੀ ਸਿਫ਼ਾਰਿਸ਼ ਕੀਤੀ ਗਈ ਸੀ, ਜਿਸ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਪੰਜ ਲੱਖ ਹੈਕਟੇਅਰ ਰਕਬੇ ਵਿੱਚ ਸਿੱਧੀ ਬਿਜਾਈ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ 4000 ਮਸ਼ੀਨਾਂ ਅਤੇ ਪਨੀਰੀ ਨਾਲ ਕੀਤੀ ਜਾਣ ਵਾਲੀ ਲਵਾਈ ਲਈ 800 ਮਸ਼ੀਨਾਂ 40 ਅਤੇ 50 ਫ਼ੀਸਦੀ ਸਬਸਿਡੀ ਉੱਤੇ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਮੁਹਾਲੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਰਣਜੀਤ ਸਿੰਘ ਬੈਂਸ, ਬਲਾਕ ਖੇਤੀਬਾੜੀ ਅਫ਼ਸਰ ਸੰਦੀਪ ਕੁਮਾਰ, ਸੁੱਚਾ ਸਿੰਘ ਸਿੱਧੂ, ਜਗਦੀਪ ਸਿੰਘ, ਅਮਨਦੀਪ ਸਿੰਘ ਦੈੜੀ ਆਦਿ ਵੀ ਮੌਜੂਦ ਸਨ।
ਦਰਮਿਆਨੀਆਂ ਤੇ ਭਾਰੀ ਜ਼ਮੀਨਾਂ ਵਿੱਚ ਹੀ ਸਿੱਧੀ ਬਿਜਾਈ ਦੀ ਹਦਾਇਤ
ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਅਤੇ ਭਾਰੀ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ ਅਤੇ ਬਿਜਾਈ ਦੇ 24 ਘੰਟਿਆਂ ਦੇ ਅੰਦਰ ਨਦੀਨਨਾਸ਼ਕ ਦਵਾਈ ਦੀ ਸਪਰੇਅ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਝੋਨੇ ਦੀ ਲਵਾਈ ਅਤੇ ਕੱਦੂ ਕਰਨ ਲਈ ਡੀਜ਼ਲ ਉੱਤੇ ਹੁੰਦੇ ਕਰੀਬ ਛੇ ਹਜ਼ਾਰ ਪ੍ਰਤੀ ਏਕੜ ਖਰਚੇ ਦੀ ਕਿਸਾਨਾਂ ਨੂੰ ਬੱਚਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਵੀਹ ਤੋਂ ਤੀਹ ਫ਼ੀਸਦੀ ਨਿਕਾਸੀ ਘਟੇਗੀ।