ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਕਤੂਬਰ
‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਅਤੇ ਮੁਲਾਜ਼ਮਾਂ/ਪੈਨਸ਼ਨਰਾਂ ਨੂੰ ਦੀਵਾਲੀ ਦੇ ਮੌਕੇ ਛੇ ਫ਼ੀਸਦ ਮਹਿੰਗਾਈ ਭੱਤਾ ਦੇਣ ਦੇ ਫ਼ੈਸਲੇ ’ਤੇ ਅੱਜ ਸੈਕਟਰ-17 ਚੰਡੀਗੜ੍ਹ ਵਿੱਚ ਮੁਲਾਜ਼ਮਾਂ ਵੱਲੋਂ ਰਸਮੀ ਤੌਰ ’ਤੇ ਦੀਵਾਲੀ ਮਨਾਈ ਗਈ ਅਤੇ ਲੱਡੂ ਵੰਡੇ ਗਏ। ਉਦਯੋਗ ਵਿਭਾਗ ਦੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰੰਜੀਵ ਕੁਮਾਰ ਸ਼ਰਮਾ, ਜਨਰਲ ਸਕੱਤਰ ਰਵਿੰਦਰ ਕੁਮਾਰ ਸਮੇਤ ਹੋਰਾਂ ਆਗੂਆਂ ਵਿੱਚ ਤੇਜਿੰਦਰ ਸਿੰਘ ਸਟੇਟ ਐਵਾਰਡੀ, ਪ੍ਰਭਦੀਪ ਸਿੰਘ ਚੇਅਰਮੈਨ ਮੁਹਾਲੀ, ਪੈਨਸ਼ਨ ਬਹਾਲੀ ਯੂਨੀਅਨ ਆਗੂ ਸ਼ਿਵ ਕੁਮਾਰ ਰਾਣਾ, ਪਰਮਿੰਦਰ ਸਿੰਘ ਢਿੱਲੋਂ, ਅਮਿਤ ਕਟੋਚ ਅਤੇ ਸਤਨਾਮ ਸਿੰਘ ਆਦਿ ਨੇ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਮਹਿਜ਼ 7 ਮਹੀਨਿਆਂ ਦੇ ਕਾਰਜਕਾਲ ਵਿੱਚ ਹੀ ਮਾਅਰਕੇ ਦੇ ਕੰਮ ਕੀਤੇ ਹਨ। ਉਥੇ ਹੀ ਪੰਜਾਬ ਡਰਾਈਵਰ ਤੇ ਟੈਕਨੀਕਲ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਰਾਏ ਨੇ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਮੇਤ ਸਮਾਜ ਦੇ ਹਰ ਵਰਗ ਲਈ ਵਧੀਆ ਅਤੇ ਲੋਕਹਿਤ ਫ਼ੈਸਲੇ ਲੈਂਦੀ ਰਹੇਗੀ।