ਸਰਬਜੀਤ ਸਿੰਘ ਭੱਟੀ
ਲਾਲੜੂ, 9 ਜੁਲਾਈ
ਪਾਵਰਕੌਮ ਦੀ ਮੁਲਾਜ਼ਮ ਜਥੇਬੰਦੀ ਟੀਐਸਯੂ ਵੱਲੋਂ ਮੰਡਲ ਦਫ਼ਤਰ ਲਾਲੜੂ ਅੱਗੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਇਸ ਵਿੱਚ ਸਰਕਾਰ ਵੱਲੋਂ ਜਾਰੀ ਪੇਅ ਕਮਿਸ਼ਨ ਦੀ ਰਿਪੋਰਟ ਦੀ ਨਿਖੇਧੀ ਕੀਤੀ ਗਈ ਅਤੇ ਸੋਧੀ ਹੋਈ ਰਿਪੋਰਟ ਲਾਗੂ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਮੁਲਾਜ਼ਮ ਆਗੂ ਕੇਸਰ ਸਿੰਘ ਟਿਵਾਣਾ, ਮਹਿੰਦਰ ਸਿੰਘ ਸੈਣੀ, ਸਵਰਨ ਸਿੰਘ ਮਾਵੀ, ਪ੍ਰਮੋਦ ਸਿੰਘ ਰਾਣਾ, ਰਾਜੇਸ਼ ਰਾਣਾ, ਬਲਵਿੰਦਰ ਸਿੰਘ ਅਤੇ ਬਲਵੀਰ ਸਿੰਘ ਨੇ ਕਿਹਾ ਕਿ ਜੇ ਮੁਲਾਜ਼ਮ ਜਥੇਬੰਦੀਆਂ ਨਾਲ ਬੈਠ ਕੇ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਨਾ ਸੋਧਿਆ ਗਿਆ ਤੇ ਮੁਲਾਜ਼ਮਾਂ ਨੂੰ ਪੈਣ ਵਾਲੇ ਘਾਟੇ ਨੂੰ ਦੂਰ ਨਾ ਕੀਤਾ ਤਾਂ ਸਮੂਹ ਜਥੇਬੰਦੀਆਂ ਤੇ ਬਿਜਲੀ ਕਾਮੇ ਜ਼ੋਰਦਾਰ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ।
ਰੂਪਨਗਰ (ਬਹਾਦਰਜੀਤ ਸਿੰਘ): ਇੱਥੇ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਦਿੱਤੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਨਵੇਂ ਬੱਸ ਅੱਡੇ ਅੱਗੇ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਅਤੇ ਚੱਕਾ ਜਾਮ ਕੀਤਾ। ਅੱਜ ਦੀ ਰੈਲੀ ਨੂੰ ਰਾਧੇ ਸ਼ਿਆਮ, ਪ੍ਰਧਾਨ ਸੁਖਦੇਵ ਸਿੰਘ ਸੁਰਤਾਪੁਰੀ, ਨਰਿੰਦਰ ਸੈਣੀ ਜਨਰਲ ਸਕੱਤਰ ਫੈੱਡਰੇਸ਼ਨ ਏਟਕ, ਰਾਜ ਕੁਮਾਰ ਤਿਵਾੜੀ, ਰਾਮ ਕੁਮਾਰ, ਮੁਰਲੀ ਮਨੋਹਰ, ਕੁਲਦੀਪ ਸਿੰਘ ਘਨੌਲੀ, ਕ੍ਰਿਸ਼ਨ ਡੋਗਰਾ, ਰਾਜਿੰਦਰ ਸਿੰਘ, ਨਸੀਬ ਸਿੰਘ ਰੋਡਵੇਜ਼, ਹਰਬੰਸ ਸਿੰਘ, ਭੁਪਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਸਿਸਵਾਂ ਵਿਚ ਸਿੰਜਾਈ ਵਿਭਾਗ ਅਤੇ ਜ਼ਿਲ੍ਹਾ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਇਸੇ ਦੌਰਾਨ ਪੇਅ ਕਮਿਸ਼ਨ ਦੀਆਂ ਕਾਪੀਆਂ ਸਾੜਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਖਮਾਣੋਂ (ਜਗਜੀਤ ਕੁਮਾਰ): ਪੀਐੱਸਐੱਮਐਸਯੂ ਦੇ ਸੂਬਾ ਬਾਡੀ ਵੱਲੋਂ ਲਏ ਫ਼ੈਸਲਿਆਂ ਅਨੁਸਾਰ ਛੇਵੇਂ ਪੇਅ ਕਮਿਸ਼ਨ ਦੇ ਵਿਰੋਧ ਵਿਚ ਸਮੂਹ ਕਰਮਚਾਰੀਆਂ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਨੈਸ਼ਨਲ ਹਾਈਵੇਅ ਖਮਾਣੋਂ ’ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਗਈਆਂ। ਯੂਨੀਅਨਾਂ ਦੇ ਆਗੂਆਂ ਨੇ ਦੱਸਿਆ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਰੱਦ ਹੋਣ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਤੇ 12 ਜੁਲਾਈ ਨੂੰ ਰੋਸ ਵਜੋਂ ਸਮੂਹ ਕਰਮਚਾਰੀ ਸਮੂਹਿਕ ਛੁੱਟੀ ਉੱਤੇ ਰਹਿਣਗੇ।
ਪੁੱਡਾ, ਗਮਾਡਾ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਅੱਜ ਪੁੱਡਾ, ਗਮਾਡਾ ਦੇ ਮੁੱਖ ਦਫ਼ਤਰ ਸਣੇ ਸਮੂਹ ਅਥਾਰਟੀਆਂ ਦੇ ਦਫ਼ਤਰਾਂ ਵਿੱਚ ਕਰਮਚਾਰੀਆਂ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਮੁਕੰਮਲ ਤੌਰ ’ਤੇ ਕਲਮਛੋੜ ਹੜਤਾਲ ਕੀਤੀ ਗਈ ਤੇ ਪੁੱਡਾ ਦੇ ਗੇਟ ਨੰਬਰ-1 ਦੇ ਅੱਗੇ ਗੇਟ ਰੈਲੀ ਕਰ ਕੇ ਸਰਕਾਰ ਅਤੇ ਵਿੱਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।