ਮਿਹਰ ਸਿੰਘ
ਕੁਰਾਲੀ, 2 ਜੂਨ
ਬੜੌਦੀ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਟੌਲ ਪਲਾਜ਼ਾ ਬੰਦ ਹੋਣ ਕਾਰਨ ਦਰਪੇਸ਼ ਆਰਥਿਕ ਮੰਦੀ ਦੇ ਹੱਲ ਲਈ ਟੌਲ ਪਲਾਜ਼ਾ ਚਲਾਏ ਜਾਣ ਦੀ ਮੰਗ ਕੀਤੀ ਹੈ। ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਵੀ ਕੀਤਾ। ਬੜੌਦੀ ਟੌਲ ਪਲਾਜ਼ਾ ’ਤੇ ਪ੍ਰਦਰਸ਼ਨ ਕਰਦਿਆਂ ਟੌਲ ਕੰਪਨੀ ਦੇ ਮੁਲਾਜ਼ਮਾਂ ਜੋਧ ਸਿੰਘ, ਅਸ਼ੋਕ ਕੁਮਾਰ, ਦਵਿੰਦਰ ਸਿੰਘ, ਗੋਕਿਲ ਪਾਟਲ, ਸਿਮਰਨਜੀਤ ਕੌਰ, ਅਮਨਜੋਤ ਕੌਰ ਆਦਿ ਨੇ ਕਿਹਾ ਕਿ ਕਿਸਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਦੇ ਆਰੰਭ ਤੋਂ ਹੀ ਟੌਲ ਪਲਾਜ਼ਾ ਬੰਦ ਕੀਤੇ ਹੋਏ ਹਨ। ਮੁਲਾਜ਼ਮਾਂ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਟੌਲ ਕੰਪਨੀ ਤੋਂ ਮਿਲਣ ਵਾਲੀ ਤਨਖਾਹ ਤੋਂ ਹੀ ਚੱਲਦੀ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਰੁਜ਼ਗਾਰ ਬਚਾਉਣ ਅਤੇ ਪਰਿਵਾਰਾਂ ਦੀ ਰੋਜ਼ੀ ਰੋਟੀ ਦੇ ਮੱਦੇਨਜ਼ਰ ਠੋਸ ਫ਼ੈਸਲਾ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੰਗੀ ਤੋਂ ਬਚਾਇਆ ਜਾ ਸਕੇ।