ਕੁਲਦੀਪ ਸਿੰਘ
ਚੰਡੀਗੜ੍ਹ, 10 ਦਸੰਬਰ
ਕੋਆਰਡੀਨੇਸ਼ਨ ਕਮੇਟੀ ਗੌਰਮਿੰਟ ਐਂਡ ਐਮ.ਸੀ. ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੀ ਅਗਵਾਈ ਵਿੱਚ ਅੱਜ ਸੈਂਕੜੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਗਵਰਨਰ ਹਾਊਸ ਵੱਲ ਰੋਸ ਮਾਰਚ ਕੀਤਾ। ਉਨ੍ਹਾਂ ਨੇ ਹੱਥਾਂ ਵਿੱਚ ਲਾਲ ਝੰਡੇ ਫੜੇ ਹੋਏ ਸਨ। ਸੈਕਟਰ-17 ਸਥਿਤ ਲੋਕਲ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਗਵਰਨਰ ਹਾਊਸ ਵੱਲ ਵੱਧ ਰਹੇ ਮੁਲਾਜ਼ਮਾਂ ਨੂੰ ਨਗਰ ਨਿਗਮ ਦਫ਼ਤਰ ਤੋਂ ਥੋੜ੍ਹਾ ਅੱਗੇ ਜਾ ਕੇ ਸਰਕਸ ਗਰਾਊਂਡ ਦੇ ਕੋਲ ਪੁਲੀਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਕਾਰਨ ਰੋਸ ਵਿੱਚ ਆਏ ਮੁਲਾਜ਼ਮਾਂ ਨੇ ਯੂ.ਟੀ. ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਐੱਸ.ਡੀ.ਐਮ. (ਸੈਂਟਰਲ) ਚੰਡੀਗੜ੍ਹ ਪ੍ਰਸ਼ਾਸਕ ਦੇ ਨੁਮਾਇੰਦੇ ਵਜੋਂ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲਿਆ।
ਜਥੇਬੰਦੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਚੇਅਰਮੈਨ ਅਨਿਲ ਕੁਮਾਰ ਤੇ ਪੈਟਰਨ ਸ਼ਾਮ ਲਾਲ ਘਾਵਰੀ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਦੀ ਮੁਲਾਜ਼ਮਾਂ ਪ੍ਰਤੀ ਨਾਕਾਰਾਤਮਕ ਸੋਚ ਕਾਰਨ ਇਹ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ। ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਕਈ ਵਾਰ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਵੀ ਮੁਲਾਜ਼ਮ ਮੰਗਾਂ ਸਬੰਧੀ ਅਪੀਲ ਕਰ ਚੁੱਕੇ ਹਨ ਪਰ ਠੋਸ ਸੁਣਵਾਈ ਨਹੀਂ ਹੋਈ। ਉਨ੍ਹਾਂ ਯੂ.ਟੀ. ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜੈੱਮ ਪੋਰਟਲ ਦੇ ਠੇਕੇਦਾਰਾਂ ਨੂੰ ਬਲੈਕ ਲਿਸਟ ਕਰਨ ਦੀ ਥਾਂ ਆਊਟਸੋਰਸਿੰਗ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਕਰਨ ਦੀ ਕਥਿਤ ਤੌਰ ’ਤੇ ਖੁੱਲ੍ਹ ਦਿੱਤੀ ਹੋਈ ਹੈ।
ਰੋਸ ਪ੍ਰਦਰਸ਼ਨ ਨੂੰ ਸੀ.ਟੀ.ਯੂ. ਕੰਡਕਟਰਜ਼ ਯੂਨੀਅਨ ਤੋਂ ਦਵਿੰਦਰ ਸਿੰਘ, ਗੁਰਮੇਲ ਸਿੰਘ ਦਾਰਾ, ਸੀ.ਟੀ.ਯੂ. ਐਸ.ਸੀ./ਬੀ.ਸੀ. ਵੈੱਲਫੇਅਰ ਐਸੋਸੀਏਸ਼ਨ ਤੋਂ ਕਰਮਜੀਤ ਸਿੰਘ ਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।