ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਜੂਨ
ਸਾਂਝਾ ਅਧਿਆਪਕ ਮੋਰਚਾ ਦੇ ਸੂਬਾਈ ਵਫ਼ਦ ਨੇ ਅਧਿਆਪਕ ਵਰਗ ਦੇ ਵੱਖ-ਵੱਖ ਮਸਲਿਆਂ ਸਬੰਧੀ ਅੱਜ ਡੀਪੀਆਈ (ਐਲੀਮੈਂਟਰੀ), ਸਹਾਇਕ ਡਾਇਰੈਕਟਰ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰਾਂ ਸੁਰਿੰਦਰ ਕੁਮਾਰ ਪੁਆਰੀ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਜੀਤ ਸਲਾਣਾ, ਜਸਵਿੰਦਰ ਔਲਖ, ਸੂਬਾ ਕੋ-ਕਨਵੀਨਰਾਂ ਸੁਖਰਾਜ ਕਾਹਲੋਂ, ਅਮਨਬੀਰ ਗੁਰਾਇਆ ਅਤੇ ਪਰਮਵੀਰ ਸਿੰਘ ਨੇ ਦੱਸਿਆ ਕਿ ਬਦਲੀਆਂ ਸਬੰਧੀ ਡੀਪੀਆਈ (ਸੈਕੰਡਰੀ) ਦੀ ਗੈਰ ਮੌਜੂਦਗੀ ਵਿੱਚ ਸਹਾਇਕ ਡਾਇਰੈਕਟਰ ਗੁਰਜੋਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਬਦਲੀਆਂ ਸਬੰਧੀ ਸਿੱਖਿਆ ਮੰਤਰੀ ਨੂੰ ਦਿੱਤੇ ਸੁਝਾਅ ਨੂੰ ਮੰਨ ਕੇ ਦੁਬਾਰਾ ਪੋਰਟਲ ਖੋਲ੍ਹਣ ’ਤੇ ਜ਼ੋਰ ਦਿੱਤਾ। ਪ੍ਰਿੰਸੀਪਲਾਂ/ਹੈੱਡਮਾਸਟਰਾਂ ਨੂੰ ਡੀਡੀਓ ਪਾਵਰਾਂ ਜਾਰੀ ਕਰਨ ਸਬੰਧੀ ਡੀਪੀਆਈ (ਸੈਕੰਡਰੀ) ਦੇ ਦਫ਼ਤਰ ਵਿੱਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਨਵੇਂ ਸਿੱਖਿਆ ਸਕੱਤਰ ਨੂੰ ਫਾਈਲ ਭੇਜੀ ਜਾ ਚੁੱਕੀ ਹੈ। ਪਿਕਟਸ ਸੁਸਾਇਟੀ ਅਧੀਨ ਰੈਗੂਲਰ-ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਾਰੇ ਲਾਭ ਦੇਣ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ, ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਤਨਖ਼ਾਹ ਫਿਕਸ ਕਰਨ, ਕੋਵਿਡ ਡਿਊਟੀ ਦੌਰਾਨ ਫੌਤ ਹੋਏ ਕੰਪਿਊਟਰ ਅਧਿਆਪਕਾਂ ਦੇ ਵਾਰਸਾਂ ਨੂੰ ਤਰਸ ਆਧਾਰ ’ਤੇ ਨੌਕਰੀ ਦੇਣ ਸਬੰਧੀ ਮੰਗ ਪੱਤਰ ਦਿੱਤਾ। ਡੀਪੀਆਈ (ਐਲੀਮੈਂਟਰੀ) ਹਰਿੰਦਰ ਕੌਰ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਤੁਰੰਤ ਕਰਨ ਦੀ ਮੰਗ ਕੀਤੀ। ਜਿਸ ’ਤੇ ਡੀਪੀਆਈ ਨੇ ਸੀਨੀਆਰਤਾ ਸੂਚੀ ਦਰੁਸਤ ਕਰਕੇ ਤਰੱਕੀਆਂ ਜਲਦ ਕਰਨ ’ਤੇ ਸਹਿਮਤੀ ਦਿੱਤੀ। ਪਿਛਲੇ ਸਾਲ ਬਦਲੀ ਕਰਵਾ ਚੁੱਕੇ ਅਧਿਆਪਕਾਂ ਨੂੰ ਤੁਰੰਤ ਫਾਰਗ ਕਰਨ ਦੀ ਮੰਗ ’ਤੇ ਅਧਿਕਾਰੀ ਨੇ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। 6635 ਈਟੀਟੀ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ ਦੀ ਮੰਗ ਨਾਲ ਸਹਿਮਤੀ ਪ੍ਰਗਟ ਕਰਦਿਆਂ ਛੇਤੀ ਹੀ ਨਿਯੁਕਤੀਆਂ ਕਰਨ ਦਾ ਭਰੋਸਾ ਦਿੱਤਾ।