ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਈ
ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ’ਚ ਅੱਜ ਦੋ ਵੈਬਿਨਾਰ ਤੇ ਲੈਕਚਰ ਕਰਵਾਇਆ ਗਿਆ। ਸਮਾਗਮ ਕ੍ਰਮਵਾਰ ਪੀਜੀ ਵਿਭਾਗ ਦੇ ਕੈਮਿਸਟਰੀ ਵਿਭਾਗ, ਇਤਿਹਾਸ ਵਿਭਾਗ ਤੇ ਸਮਾਨ ਮੌਕਾ ਸੈੱਲ ਵਲੋਂ ਕਰਵਾਏ ਗਏ। ਪੀਜੀ ਕੈਮਿਸਟਰੀ ਵਿਭਾਗ ਨੇ ‘ਡਰੱਗ ਰੋਧਕ ਮਲੇਰੀਆ-ਚੁਣੌਤੀਆਂ ਤੇ ਮੌਕਾ’ ਵਿਸ਼ੇ ’ਤੇ ਵੈਬਿਨਾਰ ਕਰਵਾਇਆ। ਪ੍ਰਿੰਸੀਪਲ ਸਰਬਜੀਤ ਕੌਰ ਨੇ ਜੀਐੱਨਡੀਯੂ, ਅੰਮ੍ਰਿਤਸਰ ਦੇ ਕੈਮਿਸਟਰੀ ਵਿਭਾਗ ਦੇ ਡਾ. ਵਿਪਨ ਕੁਮਾਰ ਦਾ ਸਵਾਗਤ ਕੀਤਾ। ਡਾ. ਵਿਪਨ ਨੇ ਮਲੇਰੀਅਲ ਪਰਜੀਵੀ ਤੇ ਨਸ਼ੀਲੇ ਪਦਾਰਥਾਂ ਦੀ ਖੋਜ ਬਾਰੇ ਦੱਸਿਆ। ਇਤਿਹਾਸ ਵਿਭਾਗ ਨੇ ਇਸ ਵਿਸ਼ੇ ’ਤੇ ਵੈਬਿਨਾਰ ‘ਸਰਹੱਦਾਂ ਤੋਂ ਪਾਰ ਸਿੱਖ ਵਿਰਾਸਤ ਦੀ ਸੱਭਿਆਚਾਰਕ ਯਾਦ’ ਕਰਵਾਇਆ। ਪ੍ਰਿੰਸੀਪਲ ਨੇ ਸਵਾਗਤੀ ਭਾਸ਼ਣ ਦਿੱਤਾ ਜਦਕਿ ਥੀਮ ਦਾ ਸੰਚਾਲਨ ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਨੇ ਕੀਤਾ। ਅਮਰੀਕਾ ਤੋਂ ਆਏ ਡਾ. ਦਲਵੀਰ ਪੰਨੂ ਨੇ ਸਿੱਖ ਵਿਰਾਸਤੀ ਯਾਦਗਾਰਾਂ ਦੀ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਯਾਦਗਾਰਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਕਾਲਜ ਵੱਲੋਂ ‘ਇੱਕ ਸਮਾਜਿਕ ਸ਼ਮੂਲੀਅਤ: ਇੱਕ ਵਿਧਾਨਕ ਨਿਰੀਖਣ’ ਵਿਸ਼ੇ ’ਤੇ ਈ-ਭਾਸ਼ਣ ਵੀ ਕਰਵਾਇਆ ਗਿਆ।